ਹਰਮਿੰਦਰ ਜੱਸੀ ਦਾ ਭਾਣਜਾ ਭੁਪਿੰਦਰ ਸਿੰਘ ਗੋਰਾ ਬਠਿੰਡਾ ਵਿਖੇ ਮੀਡੀਆ ਨਾਲ ਗੱਲ ਕਰਦਾ ਹੋਇਆ

ਸਿਆਸੀ ਖਬਰਾਂ

ਕਾਂਗਰਸੀ ਆਗੂ, ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਦੇ ਭਾਣਜੇ ਭੁਪਿੰਦਰ ਗੋਰਾ ਨੂੰ ਮਿਲਿਆ ਧਮਕੀ ਪੱਤਰ

By ਸਿੱਖ ਸਿਆਸਤ ਬਿਊਰੋ

August 30, 2017

ਚੰਡੀਗੜ੍ਹ: ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਜੱਸੀ ਦੇ ਭਾਣਜੇ ਅਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਕਰੀਬੀ ਰਹੇ ਭੁਪਿੰਦਰ ਸਿੰਘ ਗੋਰਾ ਨੇ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਸੋਮਵਾਰ (28 ਅਗਸਤ) ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਤੋਂ ਪਹਿਲਾਂ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਵਿਅਕਤੀਆਂ ਵੱਲੋਂ ਉਸ ਦੇ ਬਠਿੰਡੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਾਂਡੀ ਵਿੱਚ ਸਥਿਤ ਘਰ ਦੀ ਭੰਨ-ਤੋੜ ਕੀਤੀ ਗਈ ਸੀ। ਭੁਪਿੰਦਰ ਸਿੰਘ ਹਲਕਾ ਮੌੜ ਮੰਡੀ ਤੋਂ ਆਪਣੇ ਮਾਮੇ ਹਰਮਿੰਦਰ ਜੱਸੀ ਖ਼ਿਲਾਫ਼ ਚੋਣ ਵੀ ਲੜ ਚੁੱਕਾ ਹੈ।

ਮੰਗਲਵਾਰ (29 ਅਗਸਤ) ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਨੇ ਆਖਿਆ ਕਿ ਉਹ ਲੰਮਾ ਸਮਾਂ ਡੇਰੇ ਵਿੱਚ ਸੇਵਾਦਾਰ ਰਿਹਾ ਹੈ। ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਜੱਸੀ ਦੇ ਡੇਰਾ ਮੁਖੀ ਦਾ ਕੁੜਮ ਬਣਨ ਤੋਂ ਬਾਅਦ ਉਸ ਦੀ ਗਿਣਤੀ ਵੀ ਸ਼ਾਹੀ ਪਰਿਵਾਰ ’ਚ ਹੋਣ ਲੱਗੀ ਸੀ, ਜਿਸ ਕਰ ਕੇ ਉਸ ਨੂੰ ਡੇਰਾ ਮੁਖੀ ਦੀ ਗੁਫਾ ਵਿੱਚ ਜਾਣ ਦੀ ਇਜਾਜ਼ਤ ਮਿਲ ਗਈ ਸੀ। ਇਸ ਦੌਰਾਨ ਜਦੋਂ ਉਸ ਨੇ ਡੇਰਾ ਮੁਖੀ ਦੇ ਰੰਗ-ਢੰਗ ਦੇਖੇ ਤਾਂ ਡੇਰੇ ਜਾਣਾ ਛੱਡ ਦਿੱਤਾ ਤੇ ਡੇਰੇ ਦੀ ਅਸਲੀਅਤ ਲੋਕਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਕਰ ਕੇ ਉਹ ਪਿੰਡ ਛੱਡ ਕੇ ਬਠਿੰਡਾ ਰਹਿਣ ਲੱਗ ਪਿਆ। ਉਸ ਨੇ ਦੱਸਿਆ ਕਿ 25 ਅਗਸਤ ਵਾਲੇ ਦਿਨ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਬੰਦਿਆਂ ਨੇ ਉਸ ਦੇ ਘਰ ’ਤੇ ਹਮਲਾ ਕੀਤਾ। ਹਮਲੇ ਦੌਰਾਨ ਉਹ ਘਰ ਵਿੱਚ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਠਿੰਡਾ ਸਥਿਤ ਉਸ ਦੇ ਘਰ ਦੇ ਬਾਹਰ ਧਮਕੀ ਭਰਿਆ ਪੱਤਰ ਮਿਲਿਆ ਹੈ। ਪੱਤਰ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ।

ਸਬੰਧਤ ਖ਼ਬਰ: ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ …

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਮਾਮਾ ਹਰਮਿੰਦਰ ਜੱਸੀ ਕਿਸੇ ਨੂੰ ਵੀ ਡੇਰਾ ਮੁਖੀ ਖ਼ਿਲਾਫ਼ ਨਹੀਂ ਬੋਲਣ ਦਿੰਦਾ ਸੀ ਅਤੇ ਅਕਸਰ ਕਹਿੰਦਾ ਸੀ ਕਿ ਹੋ ਸਕਦਾ ਹੈ ਡੇਰਾ ਮੁਖੀ ਦੀ ਗੱਦੀ ਉਨ੍ਹਾਂ ਨੂੰ ਮਿਲ ਜਾਵੇ। ਡੇਰਾ ਮੁਖੀ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਉਰਫ ਪ੍ਰਿਯੰਕਾ ਬਾਰੇ ਭੁਪਿੰਦਰ ਸਿੰਘ ਨੇ ਕਿਹਾ ਕਿ ਰਾਮ ਰਹੀਮ ਤੋਂ ਬਾਅਦ ਸਾਰੀ ਤਾਕਤਾਂ ਹਨੀਪ੍ਰੀਤ ਉਰਫ ਪ੍ਰਿਯੰਕਾ ਕੋਲ ਹੈ। ਹਨੀਪ੍ਰੀਤ ਡੇਰਾ ਮੁਖੀ ਦੇ ਸਭ ਤੋਂ ਵੱਧ ਕਰੀਬ ਹੈ, ਜਿਸ ਕਰ ਕੇ ਡੇਰਾ ਮੁਖੀ ਦੇ ਪਰਿਵਾਰਕ ਮੈਂਬਰ ਨਾਰਾਜ਼ ਹਨ। ਹਨੀਪ੍ਰੀਤ ਹਰ ਸਮੇਂ ਡੇਰਾ ਮੁਖੀ ਦੇ ਨਾਲ ਹੁੰਦੀ ਸੀ, ਜਦੋਂਕਿ ਡੇਰਾ ਮੁਖੀ ਆਪਣੇ ਪਰਿਵਾਰ ਨੂੰ ਬਹੁਤ ਘੱਟ ਮਿਲਦਾ ਸੀ।

ਸਬੰਧਤ ਖ਼ਬਰ: ਕੈਪਟਨ ਅਮਰਿੰਦਰ ਅਤੇ ਬਾਦਲ ਨੇ ਡੇਰਾ ਸਿਰਸਾ ਨੂੰ ਖੁਸ਼ ਕਰਨ ਲਈ ਪਿੰਡਾਂ ਦੇ ਨਾਂ ਬਦਲੇ ਸਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: