ਨਵੀਂ ਦਿੱਲੀ: ਪੰਜਾਬ ਕਾਂਗਰਸ ‘ਚ ਗੁਰਦਾਸਪੁਰ ਜ਼ਿਮਨੀ ਚੋਣਾਂ ਦੀ ਉਮੀਦਵਾਰੀ ਲਈ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ ਬਾਜਵਾ ਅਤੇ ਕੈਪਟਨ ‘ਚੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਦੀ ਪਸੰਦ ਸੁਨੀਲ ਜਾਖੜ ਦੀ ਉਮੀਦਵਾਰੀ ‘ਤੇ ਆਪਣੀ ਮੋਹਰ ਲਾ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਦਾ ਨਾਂਅ ਸੰਭਾਵਿਤ ਉਮੀਦਵਾਰਾਂ ਦੀ ਸੂਚੀ ‘ਚ ਸਭ ਤੋਂ ਅੱਗੇ ਚੱਲ ਰਿਹਾ ਸੀ, ਹੁਣ 11 ਅਕਤੂਬਰ ਨੂੰ ਹੋਣ ਵਾਲੀ ਗੁਰਦਾਸਪੁਰ ਜ਼ਿਮਨੀ ਚੋਣ ‘ਚ ਕਾਂਗਰਸ ਦੇ ਉਮੀਦਵਾਰ ਹੋਣਗੇ।
ਰਾਹੁਲ ਗਾਂਧੀ ਦੇ ਕਰੀਬੀ ਸਮਝੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਤਨੀ ਦੀ ਉਮੀਦਵਾਰੀ ਲਈ ਪੂਰੀ ਕੋਸ਼ਿਸ਼ ਕੀਤੀ। ਹਲਕਿਆਂ ਮੁਤਾਬਿਕ ਸੋਨੀਆ ਵਲੋਂ ਮੰਗਲਵਾਰ ਰਾਤ ਨੂੰ ਹੀ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਤੋਂ ਬਾਅਦ ਜਾਖੜ ਦੇ ਨਾਂਅ ਲਈ ਰਜ਼ਾਮੰਦੀ ਪ੍ਰਗਟਾ ਦਿੱਤੀ ਸੀ, ਜਿਸ ਦਾ ਰਸਮੀ ਐਲਾਨ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ।
ਸਬੰਧਤ ਖ਼ਬਰ:
ਗੁਰਦਾਸਪੁਰ ਨੂੰ ਹਿਮਾਚਲ, ਹਰਿਆਣੇ ਵਿਚ ਸ਼ਾਮਲ ਹੋਣ ਤੋਂ ਬਚਾਉਣ ਲਈ ਅਸੀਂ ਜ਼ਿਮਨੀ ਚੋਣ ਜ਼ਰੂਰ ਲੜਾਂਗੇ: ਮਾਨ …
ਸੁਨੀਲ ਜਾਖੜ, ਜੋ ਕਿ 22 ਸਤੰਬਰ ਨੂੰ ਗੁਰਦਾਸਪੁਰ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ, ਸ਼ੁੱਕਰਵਾਰ ਤੋਂ ਹੀ ਪ੍ਰਚਾਰ ਮੁਹਿੰਮ ਵੀ ਸ਼ੁਰੂ ਕਰਨਗੇ। ਮਾਰਚ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸੱਤਾ ‘ਚ ਆਈ ਕਾਂਗਰਸ ਪਾਰਟੀ ਲਈ ਗੁਰਦਾਸਪੁਰ ਜ਼ਿਮਨੀ ਚੋਣਾਂ ਵਕਾਰ ਦਾ ਵਿਸ਼ਾ ਹੈ। ਭਾਜਪਾ ਵਲੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਨਾਂ ‘ਤੇ ਮੋਹਰ ਲਾਈ ਜਾ ਸਕਦੀ ਹੈ।