ਮਾਛੀਵਾੜਾ: ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਨਾਮਧਾਰੀ ਮਤ ਦੇ ਮੁੱਖ ਕੇਂਦਰ ਪਿੰਡ ਭੈਣੀ (ਜ਼ਿਲ੍ਹਾ ਲੁਧਿਆਣਾ) ਵਿਖੇ ਪੁੱਜੇ ਤੇ ਨਾਮਧਾਰੀ ਮੁਖੀ ਉਦੈ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਅਦ ਦੁਪਹਿਰ ਪਿੰਡ ਭੈਣੀ ਪੁੱਜੇ ਤੇ ਕਰੀਬ ਇੱਕ ਘੰਟਾ ਉਥੇ ਰਹੇ। ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਨਾਮਧਾਰੀ ਮੁਖੀ ਉਦੈ ਸਿੰਘ, ਸੀਨੀਅਰ ਕਾਂਗਰਸੀ ਆਗੂ ਐੱਚ.ਐੱਸ. ਹੰਸਪਾਲ ਤੇ ਸੰਤ ਜਗਤਾਰ ਸਿੰਘ ਮੌਜੂਦ ਰਹੇ, ਜਦੋਂਕਿ ਕਾਂਗਰਸੀ ਵਿਧਾਇਕਾਂ ਅਤੇ ਪ੍ਰਮੁੱਖ ਆਗੂਆਂ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। ਇਸ ਦੌਰਾਨ ਮੀਡੀਆ ਤੋਂ ਵੀ ਦੂਰੀ ਬਣਾਈ ਗਈ। ਮੀਟਿੰਗ ਦੇ ਪੂਰੇ ਵੇਰਵੇ ਤਾਂ ਪ੍ਰਾਪਤ ਨਹੀਂ ਹੋਏ, ਪਰ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਪੁਲਿਸ ਨਾਮਧਾਰੀ ਸੰਪਰਦਾ ਦੇ ਸਾਬਕਾ ਮੁਖੀ ਦੀ ਪਤਨੀ ਚੰਦ ਕੌਰ ਦੇ ਕਾਤਲਾਂ ਨੇੜੇ ਪੁੱਜ ਚੁੱਕੀ ਹੈ ਅਤੇ ਕਿਸੇ ਵੀ ਵੇਲੇ ਇਸ ਮਾਮਲੇ ਵਿੱਚ ਖ਼ੁਲਾਸਾ ਕੀਤਾ ਜਾ ਸਕਦਾ ਹੈ। ਇੱਕ ਹਫ਼ਤਾ ਪਹਿਲਾਂ ਵੀ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਪਿੰਡ ਭੈਣੀ ਵਿਖੇ ਆਏ ਸਨ ਤੇ ਨਾਮਧਾਰੀ ਮੁਖੀ ਉਦੈ ਸਿੰਘ ਨਾਲ ਮੀਟਿੰਗ ਕੀਤੀ ਸੀ।
ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਨਾਮਧਾਰੀ ਮੁਖੀ ਉਦੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਮਧਾਰੀ ਸੰਪਰਦਾ ਨਾਲ ਕਾਂਗਰਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਫ਼ੀ ਨੇੜਤਾ ਹੈ। ਸਾਬਕਾ ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ ਦੇ ਕਾਤਲਾਂ ਸਬੰਧੀ ਉਦੈ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਸੀਬੀਆਈ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਅਮਰਿੰਦਰ ਸਿੰਘ ਨੇ ਇਸ ਕਤਲ ਦੀ ਗੁੱਥੀ ਛੇਤੀ ਸੁਲਝਾਉਣ ਦਾ ਦਾਅਵਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਭੈਣੀ ਵਿਖੇ ਨਾਮਧਾਰੀ ਹਾਕੀ ਸਟੇਡੀਅਮ ਲਈ ਛੇਤੀ ਗ੍ਰਾਂਟ ਭੇਜਣਗੇ। ਮੁੱਖ ਮੰਤਰੀ ਦੀ ਫੇਰੀ ਮੌਕੇ ਨਵਤੇਜ ਸਿੰਘ ਚੀਮਾ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ (ਸਾਰੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਦਾਖਾ, ਬਲਵਿੰਦਰ ਸਿੰਘ ਝੱਲ, ਸੇਵਕ ਕਰਤਾਰ ਸਿੰਘ, ਆਸਾ ਸਿੰਘ ਮਾਨ, ਰਣਜੀਤ ਸਿੰਘ ਸੰਧੂ, ਸੇਵਕ ਸਤਨਾਮ ਸਿੰਘ, ਸਤਵਿੰਦਰ ਕੌਰ ਬਿੱਟੀ ਤੇ ਗੁਰਦੇਵ ਸਿੰਘ ਲਾਪਰਾਂ ਹਾਜ਼ਰ ਸਨ।