ਫ਼ਤਹਿਗੜ੍ਹ ਸਾਹਿਬ (31 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੇਰੀ ਸਿਆਸਤ ਤੋਂ ਪ੍ਰੇਰਿਤ ਹੈ।ਅਜਿਹੇ ਸਟੰਟ ਵਰਤ ਕੇ ਕਾਂਗਰਸ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਾਂ ਹਥਿਆਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਿਕ ਯਾਦਗਾਰਾਂ ਦੀ ਉਸਾਰੀ ਰਾਹੀਂ ਸਿੱਖ ਵੋਟਾਂ ਵਟੋਰਨ ਦੇ ਹੱਥਕੰਡੇ ਅਪਣਾਏ ਹਨ ਪਰ ਉਨ੍ਹਾਂ ਨੂੰ ਵੀ ਇਸਦਾ ਕੋਈ ਲਾਭ ਨਹੀਂ ਮਿਲੇਗਾ ਕਿਉਂਕਿ ਸਿਧਾਂਤਕ ਖਾਮੀਆਂ ਵਾਲੀਆਂ ਇਹ ਯਾਦਗਾਰਾਂ ਸਿੱਖ ਪੰਥ ਦੀਆਂ ਭਾਵਨਾਵਾਂ ਤੇ ਇੱਛਾ ਮੁਤਾਬਕ ਤਿਆਰ ਨਹੀਂ ਕੀਤੀਆਂ ਗਈਆਂ।ਭਾਈ ਚੀਮਾ ਨੇ ਕਿਹਾ ਕਿ ਕਿਸੇ ਵਰਗ ਦੇ ਦਿਲ ਜਿੱਤਣ ਲਈ ਉਸ ਵਰਗ ਵਾਸਤੇ ਹਕੀਕੀ ਪੱਧਰ ‘ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ ਅਜਿਹੇ ਸਿਆਸੀ ਸਟੰਟਾਂ ਨਾਲ ਕੁਝ ਨਹੀਂ ਬਣਨ ਵਾਲਾ।
ਉਨ੍ਹਾਂ ਕਿਹਾ ਕਿ ਇਹ ਡਾ. ਮਨਮੋਹਨ ਸਿੰਘ ਹੀ ਸਨ ਜਿਨ੍ਹਾਂ ਨੇ 1984 ਦੀ ਸਿੱਖ ਨਸ਼ਲਕੁਸ਼ੀ ਵਿਰੁਧ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਟੀਸ਼ਨ ਪਾਉਣ ਵਾਲੇ ਸਿੱਖਾਂ ਨੂੰ ‘ਅੱਤਵਾਦੀ’ ਆਖਦਿਆਂ ਕੈਨੇਡੀਆਨ ਸਰਕਾਰ ਨੂੰ ਇਨ੍ਹਾਂ ਸਿੱਖਾਂ ਉਪਰ ਨਜ਼ਰ ਰੱਖਣ ਲਈ ਕਿਹਾ ਸੀ। ਦੂਜੇ ਪਾਸੇ ਸ. ਬਾਦਲ ਨੇ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਨੂੰ ਭੁਲਾ ਕੇ ਸਿੱਖਾਂ ਦੇ ਕਾਤਲਾਂ ਨਾਲ ਮਿਤਰਤਾ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਨੂੰ ਅਪਣੀ ਸਿੱਖ ਵਿਰੋਧੀ ਨੀਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਹੁਣ ਇਨ੍ਹਾਂ ਲੋਕਾਂ ਨੂੰ ਜਾਣ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਬਿਆਨਬਾਜ਼ੀ ਤਾਂ ਕਾਂਗਰਸੀਆਂ ਅਤੇ ਅਕਾਲੀਆਂ ਦੋਵਾਂ ਨੇ ਕੀਤੀ ਪਰ ‘ਬਗਲ ‘ਚ ਛੁਰੀ ਤੇ ਮੂੰਹ ‘ਚੋਂ ਰਾਮ-ਰਾਮ’ ਅਨੁਸਾਰ ਵਿਧਾਨ ਸਭਾ ਵਿੱਚ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤਾ ਪਾਸ ਕਰਨ ਵਾਲਾ ਜੋ ਕੰਮ ਜ਼ਮੀਨੀ ਤੌਰ ‘ਤੇ ਕਰਨਾ ਬਣਦਾ ਸੀ ਉਸ ਤੋਂ ਦੋਵਾਂ ਨੇ ਪਾਸਾ ਹੀ ਵੱਟਿਆ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਕੈਸ਼ ਨਹੀਂ ਕਰ ਸਕਦੇ।