ਲੁਧਿਆਣਾ: ਹਿੰਦੂਆਂ ਦੇ ਤਿਉਹਾਰ ਦਸ਼ਹਿਰਾ ਮੌਕੇ ਰਾਵਣ ਜਲਾਉਣ ਦੇ ਮੁੱਦੇ ’ਤੇ ਕਾਂਗਰਸੀਆਂ ਅਤੇ ਅਕਾਲੀ ਦਲ ਵਿਚਾਲੇ ਹੋਇਆ ਟਕਰਾਅ ਕਾਂਗਰਸ ਨੂੰ ਮਹਿੰਗਾ ਪਿਆ। ਲੁਧਿਆਣਾ ਪੁਲਿਸ ਨੇ ਕਾਂਗਰਸੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਗਵਾ ਕਰਨ, ਧਾਰਮਿਕ ਭਾਵਨਾਵਾਂ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਸੰਸਦ ਰਵਨੀਤ ਬਿੱਟੂ ਦੇ ਭਰਾ, ਵਿਧਾਇਕ ਆਸ਼ੂ ਦੇ ਭਰਾ ਅਤੇ ਤਿੰਨ ਹੋਰ ਕਾਂਗਰਸੀਆਂ ਵਿਰੁਧ ਦਰਜ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਕਰਦਿਆਂ ਕਾਂਗਰਸੀਆਂ ਦੀ ਸ਼ਿਕਾਇਤ ’ਤੇ ਅਕਾਲੀ ਦਲ ਦੇ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ।
ਏਸੀਪੀ ਸੌਰਵ ਜਿੰਦਲ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਗਲਾਡਾ ਗਰਾਊਂਡ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਨੇ ਅਕਾਲੀ ਦਲ ਦੇ ਮਾਲਵਾ ਜ਼ੋਨ 3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ, ਸੰਸਦ ਰਵਨੀਤ ਬਿੱਟੂ ਦੇ ਭਰਾ ਗੁਰਇਕਬਾਲ ਹਨੀ, ਵਿਧਾਇਕ ਭਾਰਤ ਭੂਸ਼ਨ ਆਸ਼ੂ ਦੇ ਭਰਾ ਨਰਿੰਦਰ ਸ਼ਰਮਾ, ਉਮੇਸ਼ ਸ਼ਰਮਾ, ਪਰਮਿੰਦਰ ਲਾਪਰਾਂ ਅਤੇ ਗੁਰਪ੍ਰੀਤ ਪੱਪੂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਗਵਾ ਕਰਨਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਗੁਰਪ੍ਰੀਤ ਗੋਗੀ ਦੀ ਸ਼ਿਕਾਇਤ ’ਤੇ ਅਕਾਲੀ ਦਲ ਦੇ ਤਰਸੇਮ ਸਿੰਘ ਭਿੰਡਰ, ਬਲਜੀਤ ਸਿੰਘ ਖ਼ਾਲਸਾ ਅਤੇ ਸੁਖਦੇਵ ਸਿੰਘ ਖ਼ਿਲਾਫ਼ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਲੁਧਿਆਣਾ ਪੁਲਿਸ ਕਾਂਗਰਸੀਆਂ ਨਾਲ ਧੱਕਾ ਕਰ ਰਹੀ ਹੈ। ਦੇਰ ਰਾਤ ਅਕਾਲੀਆਂ ਨੇ ਕਾਂਗਰਸੀਆਂ ’ਤੇ ਹਮਲਾ ਕੀਤਾ ਤਾਂ ਅਕਾਲੀ ਦਲ ਦੇ ਜ਼ੋਨ 3 ਦੇ ਪ੍ਰਧਾਨ ਨੂੰ ਕਾਬੂ ਕਰਕੇ ਇਸ ਹਮਲੇ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ। ਇਸ ਤੋਂ ਬਾਅਦ ਹੁਣ ਪੁਲਿਸ ਨੇ ਉਲਟਾ ਕਾਂਗਰਸੀਆਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਰਾਜਪਾਲ ਅਤੇ ਡੀਜੀਪੀ ਨੂੰ ਮਿਲ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਨਗੇ।