ਚੰਡੀਗੜ੍ਹ: ਭਾਰਤ ਵਿਚ ਵਿਚਾਰਾਂ ਦੀ ਅਜ਼ਾਦੀ ਨੂੰ ਦਬਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਵਿਰੁੱਧ ਵਿਦਿਆਰਥੀ ਇਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੇ ਹਨ। ਦਿੱਲੀ ਯੂਨੀਵਰਸਿਟੀ ਤੋਂ ਬਾਅਦ ਵਿਦਿਆਰਥੀਆਂ ਦੀ ਇਸ ਚੁਣੌਤੀ ਦਾ ਵੱਡਾ ਪ੍ਰਗਟਾਵਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਦੇਖਣ ਨੂੰ ਮਿਲਿਆ, ਜਿੱਥੇ ਭਾਰਤ ਦੀ ਸੱਤਾ ‘ਤੇ ਕਾਬਜ਼ ਭਾਜਪਾ ਨਾਲ ਸਬੰਧਿਤ ਵਿਦਿਆਰਥੀ ਵਿੰਗ ਏ.ਬੀ.ਵੀ.ਪੀ ਦੇ ਵਿਰੋਧ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਭਾਰੀ ਦਬਾਅ ਦੇ ਬਾਵਜੂਦ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ, ਸਿੱਖ ਜਥੇਬੰਦੀਆਂ, ਖੱਬੇਪੱਖੀ ਜਥੇਬੰਦੀ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਫਾਸ਼ੀਵਾਦ’ ਵਿਰੋਧੀ ਕਾਨਫਰੰਸ ਕਰਾਉਣ ਵਿਚ ਸਫਲ ਰਹੀ।
ਜ਼ਿਕਰਯੋਗ ਹੈ ਕਿ ਐਸ.ਐਫ.ਐਸ ਵਲੋਂ ਰੱਖੀ ਗਈ ਇਸ ਕਾਨਫਰੰਸ ਵਿਚ ਦਸਤਕ ਰਸਾਲੇ ਦੀ ਸੰਪਾਦਕ ਸੀਮਾ ਅਜ਼ਾਦ ਨੂੰ ਮੁੱਖ ਬੁਲਾਰੇ ਦੇ ਤੌਰ ‘ਤੇ ਬੁਲਾਇਆ ਗਿਆ ਸੀ। ਏ.ਬੀ.ਵੀ.ਪੀ ਵਲੋਂ ਸੀਮਾ ਅਜ਼ਾਦ ਦਾ ਇਹ ਕਹਿ ਕੇ ਵਿਰੋਧ ਕੀਤਾ ਜਾ ਰਿਹਾ ਸੀ ਕਿ ਉਹ ਦੇਸ਼-ਵਿਰੋਧੀ ਹੈ ਤੇ ਧਮਕੀ ਦਿੱਤੀ ਗਈ ਸੀ ਕਿ ਉਹ ਸੀਮਾ ਅਜ਼ਾਦ ਨੂੰ ਯੂਨੀਵਰਸਿਟੀ ਵਿਚ ਸੰਬੋਧਨ ਨਹੀਂ ਕਰਨ ਦੇਣਗੇ। ਪਰ ਏ.ਬੀ.ਵੀ.ਪੀ., ਚੰਡੀਗੜ੍ਹ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਸੀਮਾ ਅਜ਼ਾਦ ਨੂੰ ਕਾਨਫਰੰਸ ‘ਚ ਪਹੁੰਚਣ ਤੋਂ ਰੋਕ ਨਹੀਂ ਸਕੇ। ਦੁਮਾਲਾ ਸਜਾ ਕੇ ਆਈ ਸੀਮਾ ਆਜ਼ਾਦ ਦੀ ਪਛਾਣ ਪਹਿਲਾਂ ਹਰਿਆਣਾ ’ਚ ਮਹਿਲਾ ਸੰਗਠਨ ਦੀ ਕਾਰਕੁਨ ਵਜੋਂ ਕਰਵਾਈ ਗਈ ਪਰ ਜਦੋਂ ਉਹ ਭਾਸ਼ਣ ਦੇ ਕੇ ਉਥੋਂ ਸੁਰੱਖਿਅਤ ਸਥਾਨ ’ਤੇ ਚਲੀ ਗਈ ਤਾਂ ਸਟੇਜ ਤੋਂ ਉਸ ਦੀ ਪਛਾਣ ਜਨਤਕ ਕੀਤੀ ਗਈ।
ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਜਾਂਚ ਤੋਂ ਬਿਨ੍ਹਾਂ ਕਿਸੇ ਨੂੰ ਯੂਨੀਵਰਸਿਟੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਗ੍ਰਿਫਤਾਰੀਆਂ ਲਈ ਕਈ ਪੁਲਿਸ ਬੱਸਾਂ, ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਸਮੇਤ ਹੱਥਾਂ ਵਿਚ ਲਾਠੀਆਂ ਫੜੀ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ।
ਏ.ਬੀ.ਵੀ.ਪੀ ਦੀ ਧਮਕੀ ਅਤੇ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਨਫਰੰਸ ਲਈ ਬੁੱਕ ਕਰਵਾਇਆ ਗਿਆ ਹਾਲ ਰੱਦ ਕਰ ਦਿੱਤਾ। ਇਸ ਕਾਰਵਾਈ ਤੋਂ ਬਾਅਦ ਐਸ.ਐਫ.ਐਸ ਨੇ ਇਹ ਕਾਨਫਰੰਸ ਯੂਨੀਵਰਸਿਟੀ ਦੀ ਵਿਦਿਆਰਥੀ ਸੱਥ ‘ਤੇ ਖੁੱਲ੍ਹੇ ਮੈਦਾਨ ਵਿਚ ਕਰਨ ਦਾ ਫੈਸਲਾ ਕੀਤਾ।
ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਐਸ.ਐਫ.ਐਸ ਦੇ ਪ੍ਰਧਾਨ ਦਮਨਦੀਪ ਸਿੰਘ ਨੂੰ ਯੂਨੀਵਰਸਿਟੀ ਵਿਚੋਂ ਚੁੱਕ ਲਿਆ। ਇਸ ਦੇ ਵਿਰੋਧ ਵਿਚ ਐਸ.ਐਫ.ਐਸ ਨੇ ਇਹ ਕਾਨਫਰੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫਤਰ ਬਾਹਰ ਕਰਨ ਦਾ ਫੈਸਲਾ ਕੀਤਾ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਦਫਤਰ ਦੇ ਗੇਟ ਬਾਹਰ ਬੈਠ ਗਏ।
ਇਸ ਦੌਰਾਨ ਗੇਟ ਦੇ ਸਾਹਮਣੇ ਵਾਲੀ ਥਾਂ ‘ਤੇ ਵਿਦਿਆਰਥਣਾਂ ਨੇ ਰੱਸੀ ਫੜ੍ਹ ਕੇ ਲੜੀ ਬਣਾ ਲਈ। ਰੱਸੀ ਦੇ ਦੂਜੇ ਪਾਸੇ ਪੁਲਿਸ ਅਧਿਕਾਰੀ ਖੜ੍ਹੇ ਸਨ ਤੇ ਉਹਨਾਂ ਤੋਂ ਪਿੱਛੇ ਏ.ਬੀ.ਵੀ.ਪੀ, ਸੋਈ (ਬਾਦਲ ਦਲ ਦਾ ਵਿਦਿਆਰਥੀ ਵਿੰਗ) ਅਤੇ ਇਨਸੋ (ਚੌਟਾਲਾ ਦਲ ਦਾ ਵਿਦਿਆਰਥੀ ਵਿੰਗ) ਦੇ ਕੁਝ 15 ਦੇ ਕਰੀਬ ਵਿਦਿਆਰਥੀ ਹੱਥਾਂ ਵਿਚ ਇਸ ਕਾਨਫਰੰਸ ਵਿਰੋਧੀ ਬੈਨਰ ਫੜ੍ਹ ਕੇ ਖੜ੍ਹੇ ਹੋ ਗਏ।
ਕਾਨਫਰੰਸ ਦੀ ਅਰੰਭਤਾ ਹੋਈ ਤੇ ਵਿਦਿਆਰਥੀਆਂ ਦੇ ਮਨਾਂ ਵਿਚ ਇਹੀ ਸਵਾਲ ਸੀ ਕਿ ਸੀਮਾ ਅਜ਼ਾਦ ਕਿੱਥੇ ਹੈ ਤੇ ਕੀ ਉਹ ਅੱਜ ਕਾਨਫਰੰਸ ਨੂੰ ਸੰਬੋਧਨ ਕਰਨਗੇ? ਕਾਨਫਰੰਸ ਵਿਚ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਗੁਰਮਿਹਰ ਕੌਰ ਦੇ ਪਿਤਾ ਨੂੰ ਪਾਕਿਸਤਾਨੀਆਂ ਨੇ ਨਹੀਂ, ਸਗੋਂ ਜੰਗ ਨੇ ਮਾਰਿਆ ਹੈ, ਇਹ ਵਿਚਾਰ ਹਿੰਦੂਵਾਦੀ ਵਿਚਾਰਧਾਰਾ ਦੀਆਂ ਚੂਲਾਂ ਹਿਲਾ ਦੇਣ ਵਾਲਾ ਹੈ। ਯੂਨੀਵਰਸਿਟੀ ਤੇ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਪ੍ਰੋਗਰਾਮ ਲਈ ਦਿੱਤੇ ਹਾਲ ਨੂੰ ਰੱਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਹਿੰਮਤ ਹੀ ਅਜਿਹੇ ਹੱਲਿਆਂ ਦਾ ਜਵਾਬ ਹੈ।
ਇਸ ਤੋਂ ਬਾਅਦ ਖੱਬੇਪੱਖੀ ਲਹਿਰ ਤੋਂ ਸਿੱਖ ਚਿੰਤਕ ਤੱਕ ਸਫ਼ਰ ਤੈਅ ਕਰਨ ਵਾਲੇ ਅਜਮੇਰ ਸਿੰਘ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਦਾ ਮੌਜੂਦਾ ਦੌਰ ਬ੍ਰਾਹਮਣਵਾਦੀ ਵਿਚਾਰਧਾਰਾ ਤਹਿਤ ਘੜੇ ਡਿਜ਼ਾਈਨ ਦਾ ਹਿੱਸਾ ਹੈ। ਇਸ ’ਚ ਦੂਜਿਆਂ ਨੂੰ ਜਜ਼ਬ ਕਰ ਲੈਣ ਦੀ ਸਮਰੱਥਾ ਵੀ ਬਹੁਤ ਹੈ। ਇਸ ਕਾਰਨ ਲੰਬੇ ਸਮੇਂ ਤੋਂ ਜਾਤਪਾਤ ਤੇ ਊਚ ਨੀਚ ਦੇ ਬਾਵਜੂਦ ਸਮਾਜਿਕ ਤੌਰ ’ਤੇ ਇਸ ਨੇ ਆਪਣੀ ਸੱਤਾ ਕਾਇਮ ਰੱਖੀ ਹੋਈ ਹੈ। ਇਹ ਨਿਰਾ ਲਾਲਚ ਤੇ ਸਿਆਸੀ ਸੱਤਾ ਦੇ ਸਹਾਰੇ ਨਹੀਂ ਬਲਕਿ ਵਿਚਾਰਧਾਰਕ ਤੌਰ ’ਤੇ ਦੇਸ਼ ਦੇ ਵੱਡੇ ਵਰਗ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਤੋਂ ਬਾਅਦ ਵੱਡਾ ਹਮਲਾ ਕਰਨ ਦੇ ਸਮਰੱਥ ਹੁੰਦਾ ਹੈ।
ਉਪਰੰਤ ਵੱਖੋ-ਵੱਖ ਖੱਬੇਪੱਖੀ ਧਿਰਾਂ ਅਤੇ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨੇ ਫਾਸ਼ੀਵਾਦ ਵਿਰੁੱਧ ਆਪਣੇ ਵਿਚਾਰ ਰੱਖੇ ਅਤੇ ਵਿਦਿਆਰਥੀ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਮਾਈਕ ਤੋਂ ਐਲਾਨ ਕੀਤਾ ਗਿਆ ਕਿ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਪੰਜਾਬ ਅਤੇ ਹਰਿਆਣੇ ਤੋਂ ਆ ਰਹੇ ਲੋਕਾਂ ਨੂੰ ਯੂਨੀਵਰਸਿਟੀ ਗੇਟ ਤੋਂ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 50 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਵਿਚ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਇਨਕਲਾਬੀ ਲੋਕ ਮੋਰਚਾ ਦੇ ਪ੍ਰਧਾਨ ਲਾਲ ਸਿੰਘ ਗੋਲਿਆਲਾ, ਲੋਕ ਸੰਗਰਾਮ ਮੰਚ ਤੋਂ ਸੁਖਵਿੰਦਰ ਕੌਰ, ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁੰਨ ਅਤੇ ਹੋਰ ਵਿਦਿਆਰਥੀ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਵੀ ਕਾਨਫਰੰਸ ‘ਚ ਸ਼ਾਮਲ ਹੋਣ ਤੋਂ ਚੰਡੀਗੜ੍ਹ ਪੁਲਿਸ ਨੇ ਰੋਕ ਦਿੱਤਾ। ਹਾਲਾਂਕਿ ਦੇਰ ਸ਼ਾਮ ਇਹਨਾਂ ਨੂੰ ਐਸ.ਐਫ.ਐਸ ਦੇ ਪ੍ਰਧਾਨ ਦਮਨਜੀਤ ਸਿੰਘ ਸਮੇਤ ਰਿਹਾਅ ਕਰ ਦਿੱਤਾ ਗਿਆ।
ਫਾਸ਼ੀਵਾਦ ਵਿਰੋਧੀ ਇਸ ਕਾਨਫਰੰਸ ਦੀ ਅਹਿਮ ਗੱਲ ਇਹ ਸੀ ਕਿ ਵਿਚਾਰਧਾਰਕ ਤੌਰ ’ਤੇ ਵੱਖਰੇਵਿਆਂ ਦੇ ਬਾਵਜੂਦ ਸਭ ਤਰ੍ਹਾਂ ਦੇ ਆਗੂ ਇਕਜੁੱਟ ਨਜ਼ਰ ਆਏ ਅਤੇ ਐਸਐਫਐਸ ਵੱਲੋਂ ਵੀ ਸਟੇਜ ਤੋਂ ਸਭ ਨੂੰ ਬਰਾਬਰ ਦਾ ਸਮਾਂ ਦਿੱਤਾ ਗਿਆ। ਬੁਲਾਰਿਆਂ ਨੇ ਹਿੰਦੂਵਾਦੀ ਵਿਚਾਰਧਾਰਾ ਵੱਲੋਂ ਸਦੀਆਂ ਤੋਂ ਜਾਤਪਾਤ ਦੇ ਆਧਾਰ ’ਤੇ ਦਲਿਤਾਂ ਨੂੰ ਅਛੂਤ ਸਮਝਣ, ਬਹੁਗਿਣਤੀ ਦੇ ਸਹਾਰੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਦਬਾਉਣ, ਕਬਾਇਲੀਆਂ ’ਤੇ ਅਤਿਆਚਾਰ ਅਤੇ ਇੱਕੋ ਤਰ੍ਹਾਂ ਦੇ ਵਿਚਾਰ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਤਹਿਤ ਸੱਤਾ ਦੀ ਤਾਕਤ ਨੂੰ ਵਰਤੇ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਿਟਲਰ ਸਮੇਤ ਸਾਰੇ ਫਾਸ਼ੀਵਾਦੀ ਸ਼ਾਸਕਾਂ ਨੂੰ ਲੋਕ ਜ਼ਿਆਦਾ ਸਮਾਂ ਬਰਦਾਸ਼ਤ ਨਹੀਂ ਕਰਦੇ। ਦੇਸ਼ ਭਰ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਵਿੱਚ ਫੈਲ ਰਿਹਾ ਰੋਸ ਇੱਕ ਹਾਂ ਪੱਖੀ ਵਰਤਾਰਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਪੀਆਈ (ਐਮਐਲ) ਲਿਬਰੇਸ਼ਨ ਤੋਂ ਕਮਲਜੀਤ ਸਿੰਘ, ਯੂਨਾਈਟਿਡ ਅਕਾਲੀ ਦਲ ਵੱਲੋਂ ਗੁਰਨਾਮ ਸਿੰਘ, ਸੋਸ਼ਲਿਸਟ ਪਾਰਟੀ ਵੱਲੋਂ ਬਲਵੰਤ ਸਿੰਘ ਖੇੜਾ, ਪੀਐਸਯੂ (ਲਲਕਾਰ) ਪ੍ਰੋਫੈਸਰ ਮਨਜੀਤ ਸਿੰਘ ਸਮੇਤ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਅੱਗੋਂ ਤਾਲਮੇਲ ਬਣਾ ਕੇ ਚੱਲਣ ਦਾ ਫੈਸਲਾ ਕੀਤਾ।