ਖਾਸ ਖਬਰਾਂ

ਪੰਜਾਬੀ ਯੂਨੀਵਰਸਿਟੀ ਵਿਖੇ ‘ਸੋਸ਼ਲ ਮੀਡੀਆ ਅਤੇ ਵਿਚਾਰਾਂ ਦੀ ਆਜ਼ਾਦੀ : ਇਕ ਪੜਚੋਲ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

By ਸਿੱਖ ਸਿਆਸਤ ਬਿਊਰੋ

May 12, 2023

ਚੰਡੀਗੜ੍ਹ – ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀਤੇ ਦਿਨੀਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਨਾਲ ‘ਬਿਜਲ ਸੱਥ (ਸੋਸ਼ਲ ਮੀਡੀਆ) ਅਤੇ ਵਿਚਾਰਾਂ ਦੀ ਆਜ਼ਾਦੀ : ਇਕ ਪੜਚੋਲ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।

ਅਜੋਕੇ ਸਮੇਂ ਵਿਚ ਬਿਜਲ ਸੱਥ ਦਾ ਵਰਤਾਰਾ ਕਿਸ ਤਰ੍ਹਾਂ ਵਾਪਰ ਰਿਹਾ ਹੈ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਕੀ ਸਥਿਤੀ ਹੈ ? ਅਜਿਹੇ ਅਹਿਮ ਸਵਾਲਾਂ ਸੰਬੰਧੀ ਪ੍ਰੋੜ ਸੰਵਾਦ ਹੋਇਆ। ਪਹਿਲੇ ਸੈਸ਼ਨ ਦੇ ਆਰੰਭ ਵਿਚ ਡਾ. ਸਿਕੰਦਰ ਸਿੰਘ ਨੇ ਆਏ ਬੁਲਾਰਿਆਂ, ਸ਼ਖਸੀਅਤਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।

ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਪ੍ਰੋ. ਅਰਵਿੰਦ ਨੇ ਗੋਸਟਿ ਸਭਾ ਵਲੋ ਅਯੋਜਿਤ ਕੀਤੇ ਅਜਿਹੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ-ਵੱਖ ਵਿਚਾਰਾਂ ਦੇ ਵਿਅਕਤੀ ਜੇਕਰ ਮਿਲ ਕੇ ਬੈਠਣ ਤਾਂ ਉਹ ਜ਼ਰੂਰ ਉਸਾਰੂ ਸਿਟਿਆਂ ਨੂੰ ਹਾਸਿਲ ਕਰ ਸਕਦੇ ਹਨ।

ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿਖ ਸਿਆਸਤ) ਨੇ ਬਿਜਲ ਸੱਥ ਰਾਹੀਂ ਮਨੋਵਿਗਿਆਨਕ ਹਮਲਿਆਂ ਨੂੰ ਪੰਜਾਬ ਅਤੇ ਦਿੱਲੀ ਦਰਬਾਰ ਦੇ ਪ੍ਰਸੰਗ ਵਿਚ ਵਿਚਾਰਦਿਆਂ ਹੋਇਆ, ਇਸ ਦੀ ਇਤਿਹਾਸਕ ਪਿਠ ਭੂਮੀ ਨੂੰ ਵੱਖ-ਵੱਖ ਹਵਾਲਿਆਂ ਨਾਲ ਪੇਸ਼ ਕੀਤਾ।

ਸ. ਹਰਮੀਤ ਸਿੰਘ ਫਤਹਿ ਨੇ ਨਕਲੀ ਖਾਤਿਆਂ ਅਤੇ ਬਿਜਲ ਸੱਥ ਦੇ ਪਿਛੇ ਕਾਰਜ਼ਸ਼ੀਲ ਮਨੋਰਥ, ਇਸ ਦੀ ਪ੍ਰਵਿਰਤੀ ਅਤੇ ਸੰਬੰਧਾਂ ਸੰਬੰਧੀ ਅਹਿਮ ਖੁਲਾਸੇ ਕੀਤੇ।

ਪ੍ਰੋ. ਸੁਰਜੀਤ ਸਿੰਘ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਬਿਜਲ ਸੱਥ ਦੇ ਸਮੁਚੇ ਵਰਤਾਰੇ ਨੂੰ ਕਾਰਪੋਰੇਟ ਘਰਾਣਿਆਂ ਅਤੇ ਰਾਜ ਦੀ ਆਪਸੀ ਸਾਂਝ ਨੂੰ ਪਰਭਾਸ਼ਿਤ ਕੀਤਾ। ਉਨ੍ਹਾਂ ਦਸਿਆ ਕਿ ਬਿਜਲ ਸੱਥ ਨੂੰ ਸਿਖਿਆ ਦੇ ਮਾਧਿਅਮ ਲਈ ਵਰਤਣ ਦਾ ਉਨ੍ਹਾਂ ਦਾ ਤਜ਼ਰਬਾ ਬਿਲਕੁਲ ਫੇਲ੍ਹ ਰਿਹਾ ਹੈ।

ਸ. ਅਜੈਪਾਲ ਸਿੰਘ ਬਰਾੜ (ਮਿਸਲ ਸਤਲੁਜ) ਨੇ ਵਿਚਾਰਾਂ ਦੀ ਆਜ਼ਾਦੀ ਨੂੰ ਵੱਖ-ਵੱਖ ਰਾਜਾਂ, ਸਭਿਆਚਾਰਾਂ ਅਤੇ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਹਵਾਲਿਆਂ ਸਹਿਤ ਸਾਂਝਾ ਕੀਤਾ। ਬਿਜਲ ਸੱਥ ਸੰਬੰਧੀ ਮਨੁਖੀ ਪਹੁੰਚ, ਵਰਤੋਂ ਅਤੇ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲ ਸੱਥ ਦੇ ਸਨਮੁਖ ਸੰਘਰਸ਼ੀ ਲੋਕਾਂ ਨੂੰ ਆਪਣੀਆਂ ਰਵਾਇਤੀ ਸੰਸਥਾਵਾਂ ਅਤੇ ਵਿਵਹਾਰ ਨੂੰ ਮਜ਼ਬੂਤ ਅਤੇ ਸੁਰਜੀਤ ਕਰਨ ਦੀ ਲੋੜ ਹੈ।

ਸੈਮੀਨਾਰ ਦੇ ਦੂਜੇ ਭਾਗ ਵਿਚ ਪਹਿਲਾ ਭਾਸ਼ਣ ਡਾ. ਸਿਕੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ) ਨੇ ਬਿਜਲ ਸੱਥ ਅਤੇ ਸਿਖਿਆ ਵਿਸ਼ੇ ਉਤੇ ਚਰਚਾ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਦੇ ਸਿਖਣ ਢੰਗ ਅਤੇ ਰੁਚੀ ਵਿਚ ਤਬਦੀਲੀ ਆ ਰਹੀ ਹੈ। ਬਿਜਲ ਸੱਥ ਸਿਖਿਆਂ ਦੇ ਉਦੇਸ਼ ਤੋਂ ਬਿਲਕੁਲ ਉਲਟ ਹੈ।

ਡਾ. ਗੁਰਮੁਖ ਸਿੰਘ ਨੇ ਪੰਜਾਬੀ ਸਿਨੇਮਾ ਅਤੇ ਬਿਜਲ ਸੱਥ ਦੇ ਅੰਤਰ ਸੰਬੰਧਾਂ ਬਾਰੇ ਚਰਚਾ ਕਰਦਿਆਂ ਇਸ ਦੇ ਪੈਂਦੇ ਸਟੇਟ ਦੇ ਪ੍ਰਭਾਵਾਂ ਬਾਰੇ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਰਿਹਾ ਸਿੱਖਾਂ ਅਤੇ ਖੱਬੇਪਖੀਆਂ ਵਿਚਲਾ ਤਕਰਾਰ ਹੁਣ ਘਟ ਰਿਹਾ ਹੈ।

ਡਾ. ਸੇਵਕ ਸਿੰਘ ਨੇ ਮਨੁਖੀ ਜੀਵਨ ਦੇ ਮੁੱਲਾਂ ਅਤੇ ਭਵਿਖ ਵਿਚ ਸਨਮੁਖ ਹੋਣ ਵਾਲੇ ਬਿਜਲ ਸੱਥ ਦੇ ਖਤਰਿਆਂ ਸੰਬੰਧੀ ਵਿਚਾਰ ਸਾਂਝੇ ਕੀਤੇ। ਸੈਮੀਨਾਰ ਵਿਚ ਵਖ ਵਖ ਸਤਿਕਾਰਤ ਸ਼ਖਸੀਅਤਾਂ, ਯੂਨੀਵਰਸਿਟੀ ਦੀਆਂ ਵਖ ਵਖ ਵਿਦਿਆਰਥੀਆਂ ਜਥੇਬੰਦੀਆਂ, ਖੋਜਾਰਥੀ ਅਤੇ ਵਿਦਿਆਰਥੀ ਇਸ ਸੈਮੀਨਾਰ ਦਾ ਹਿਸਾ ਬਣੇ।

ਸਟੇਜ ਦਾ ਸੰਚਾਲਨ ਰਵਿੰਦਰਪਾਲ ਸਿੰਘ ਦੁਆਰਾ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: