ਲੁਧਿਆਣਾ (6 ਦਸੰਬਰ, 2009): ਦੂਸਰੇ ਪਾਸੇ ਅੱਜ ਸੀ. ਪੀ. ਆਈ ਪਾਰਟੀ ਦੇ ਆਗੂ ਜੋਗਿੰਦਰ ਦਿਆਲ ਨੇ ਇੱਕ ਵਾਰ ਫਿਰ ਆਪਣਾ ਪੁਰਾਣਾ ਸਿੱਖ ਵਿਰੋਧੀ ਰਾਗ ਅਲਾਪਦਿਆਂ ਕਿਹਾ ਹੈ ਕਿ ਲੁਧਿਆਣਾ ਵਿਖੇ ਬੀਤੇ ਦਿਨ ਵਾਪਰੀ ਘਟਨਾ ਬਾਦਲ ਦਲ ਵੱਲੋਂ ‘ਗਰਮ-ਖਿਆਲੀ’ ਸਿੱਖਾਂ ਬਾਰੇ ਅਪਣਾਈ ਜਾ ਰਹੀ ਰਿਆਇਤ ਭਰੀ ਨੀਤੀ ਦਾ ਨਤੀਜਾ ਹੈ।
ਦਿਆਲ ਵੱਲੋਂ ਆਪਣੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਦਲ ਦਲ ਨੇ ਪਿਛਲੇ ਸਮੇਂ ਦੇ ‘ਅੱਤਿਵਾਦ’ ਦੇ ਦੌਰ ਤੋਂ ਕੁਝ ਨਹੀਂ ਸਿੱਖਿਆ ਅਤੇ ਅੱਜ ਉਹੀ ਆਗੂ ਸਿੱਖ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਹਨ ਜੋ ਕਿਸੇ ਸਮੇਂ ਖਾੜਕੂ ਲਹਿਰ ਦੇ ਮੁੱਖ ਆਗੂ ਸਨ।
ਪੰਜਾਬ ਅੰਦਰ ਕਾਮਰੇਡੀ ਵਿਚਾਰਧਾਰਾ ਹਿੰਦੂਵਾਦ ਦੀਆਂ ਸੁਚੇਤ ਕੋਸ਼ਿਸ਼ਾਂ ਦੇ ਨਤੀਜੇ ਵੱਜੋਂ ਆਈ ਹੈ ਜਿਸ ਦੇ ਕਾਰਨ ਇਹ ਹਮੇਸ਼ਾਂ ਸਿੱਖ ਵਿਰੋਧੀ ਪੱਖ ਹੀ ਪੂਰਦੇ ਹਨ ਭਾਵੇਂ ਕਿ ਇਹ ਕਿੰਨਾ ਵੀ ਗਲਤ ਕਿਉਂ ਨਾ ਹੋਏ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ. ਬਲਜੀਤ ਸਿੰਘ ਨੇ ਕਾਮਰੇਡਾਂ ਦੇ ਇਸ ਬਿਆਨ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਦਿਆਲ ਵੱਲੋਂ ਅਜਿਹਾ ਬਿਆਨ ਸਾਡੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਦੇ ਕਾਮਰੇਡਾਂ ਦਾ ਮੁਢਲਾ ਖਾਸਾ ਹੀ ਹਿੰਦੂਤਵੀ ਹੋਣ ਕਾਰਨ ਸਿੱਖ ਵਿਰੋਧੀ ਹੈ।