ਖਾਸ ਖਬਰਾਂ

ਸਰਕਾਰੀ ਅੰਕੜਿਆਂ ਅਨੁਸਾਰ ਫਿਰਕੂ ਹਿੰਸਾ ‘ਚ ਪਿਛਲੇ 3 ਸਾਲਾਂ ਵਿਚ 300 ਦੇ ਕਰੀਬ ਲੋਕ ਮਾਰੇ ਗਏ

By ਸਿੱਖ ਸਿਆਸਤ ਬਿਊਰੋ

March 29, 2018

ਚੰਡੀਗੜ੍ਹ: ਭਾਰਤ ਦੀ ਰਾਜ ਸਭਾ ਵਿਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਵਿਚ ਭਾਰਤ ਅੰਦਰ ਹੋਈ ਫਿਰਕੂ ਹਿੰਸਾ ਵਿਚ 300 ਦੇ ਕਰੀਬ ਲੋਕ ਮਾਰੇ ਗਏ ਹਨ। ਅੰਕੜਿਆਂ ਅਨੁਸਾਰ ਸਿਰਫ ਸਾਲ 2017 ਵਿਚ ਹੀ 100 ਤੋਂ ਵੱਧ ਲੋਕ ਫਿਰਕੂ ਹਿੰਸਾ ਵਿਚ ਮਾਰੇ ਗਏ ਹਨ।

ਕੇਂਦਰੀ ਰਾਜ ਗ੍ਰਹਿ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਕਿਹਾ ਕਿ ਸਾਲ 2017 ਵਿਚ ਫਿਰਕੂ ਹਿੰਸਾ ਦੀਆਂ ਹੋਈਆਂ 822 ਘਟਨਾਵਾਂ ਵਿਚ 111 ਲੋਕ ਮਾਰੇ ਗਏ ਹਨ ਜਦਕਿ 2384 ਲੋਕ ਜ਼ਖਮੀ ਹੋਏ ਹਨ।

2017 ਵਿਚ ਯੂ.ਪੀ ਵਿਚ ਹੋਈਆਂ 195 ਫਿਰਕੂ ਘਟਨਾਵਾਂ ਵਿਚ ਸਭ ਤੋਂ ਵੱਧ 44 ਲੋਕ ਮਾਰੇ ਗਏ, ਉਸ ਤੋਂ ਬਾਅਦ ਰਾਜਸਥਾਨ ਵਿਚ ਹੋਈਆਂ 91 ਫਿਰਕੂ ਘਟਨਾਵਾਂ ਵਿਚ 12 ਲੋਕ ਮਾਰੇ ਗਏ।

ਸਾਲ 2016 ਵਿਚ ਭਾਰਤ ਵਿਚ ਹੋਈਆਂ 703 ਫਿਰਕੂ ਘਟਨਾਵਾਂ ਵਿਚ 86 ਲੋਕ ਮਾਰੇ ਗਏ ਜਦਕਿ 2321 ਲੋਕ ਜ਼ਖਮੀ ਹੋਏ। ਇਸ ਸਾਲ ਯੂ.ਪੀ ਵਿਚ ਹੋਈਆਂ 162 ਫਿਰਕੂ ਘਟਨਾਵਾਂ ਵਿਚ 29 ਲੋਕ ਮਾਰੇ ਗਏ। ਜਦਕਿ ਕਰਨਾਟਕਾ ਵਿਚ ਹੋਈਆਂ 101 ਫਿਰਕੂ ਘਟਨਾਵਾਂ ਵਿਚ 12 ਲੋਕ ਮਾਰੇ ਗਏ ਸਨ।

ਇਸੇ ਤਰ੍ਹਾਂ ਸਾਲ 2015 ਵਿਚ ਹੋਈਆਂ 751 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿਚ 97 ਲੋਕ ਮਾਰੇ ਗਏ ਅਤੇ 2264 ਲੋਕ ਜ਼ਖਮੀ ਹੋਏ। 2015 ਵਿਚ ਵੀ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵਧ 22 ਜਦਕਿ ਬਿਹਾਰ ਵਿਚ 20 ਅਤੇ ਮਹਾਰਾਸ਼ਟਰ ਵਿਚ 14 ਲੋਕ ਮਾਰੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: