ਟੋਰਾਂਟੋ: ਟੋਰਾਂਟੋ ਡਾਊਨਟਾਊਨ ’ਚ ਐਤਵਾਰ ਨੂੰ ਸਜਾਏ ਗਏ ਨਗਰ ਕੀਰਤਨ ’ਚ ਠੰਢ ਅਤੇ ਮੀਂਹ-ਕਣੀ ਦੇ ਮੌਸਮ ਦੇ ਬਾਵਜੂਦ ਹਜ਼ਾਰਾਂ ਸਿੱਖ ਸ਼ਾਮਲ ਹੋਏ। ਖਾਲਸਾ ਸਾਜਨਾ ਦਿਹਾੜੇ ਮੌਕੇ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸਜਾਏ ਜਾਂਦੇ ਇਸ ਨਗਰ ਕੀਰਤਨ ਵਿੱਚ ਨਗਰਪਾਲਿਕਾ, ਸੂਬਾਈ ਅਤੇ ਕੇਂਦਰੀ ਵਜ਼ਾਰਤ ਦੇ ਅਹਿਮ ਮੰਤਰੀ ਅਤੇ ਵਿਰੋਧੀ ਧਿਰਾਂ ਦੇ ਆਗੂ ਤੇ ਵਿਧਾਇਕ ਵੀ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿੱਨ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਸਿੱਖ ਜਗਤ ਨੂੰ ਵਧਾਈ ਦਿੱਤੀ।
ਟਰੂਡੋ ਨੇ ਕਿਹਾ, ‘ਸਾਡੇ ਵਖਰੇਵਿਆਂ ਦੇ ਬਾਵਜੂਦ ਅਸੀਂ ਇਕੱਠੇ ਹਾਂ ਅਤੇ ਕੈਨੇਡਾ ਦੀ ਤਾਕਤ ਹਾਂ।’ ਦੱਸਣਯੋਗ ਹੈ ਕਿ ਇਸ ਵਾਰ ‘ਚੜ੍ਹਾਵੇ ਦੀ ਮਾਇਆ’ ਗੁਰੂਆਂ ਦੇ ਉਪਦੇਸ਼ ਮੁਤਾਬਕ ਸਥਾਨਕ ‘ਸਿੱਕ ਚਿਲਡਰਨਜ਼ ਹਸਪਤਾਲ’ ਨੂੰ ਬੱਚਿਆਂ ਦੇ ਇਲਾਜ ਵਾਸਤੇ ਦਾਨ ਕੀਤੀ ਜਾਵੇਗੀ, ਜਿਸ ਦਾ ਸਭ ਨੇ ਸੁਆਗਤ ਕੀਤਾ। ਇਸ ਵਿੱਚ ’84 ਦੇ ਸਿੱਖ ਕਤਲੇਆਮ, ਕੈਨੇਡੀਅਨ ਸਿੱਖਾਂ ਦੇ ਇਤਿਹਾਸ ਦਰਸਾਉਂਦੇ ਫਲੋਟ ਸ਼ਾਮਲ ਸਨ। ਸਵੇਰੇ 9 ਵਜੇ ਰਾਗੀ ਢਾਡੀ ਜਥਿਆਂ ਵੱਲੋਂ ਦੀਵਾਨ ਸ਼ੁਰੂ ਕੀਤੇ ਗਏ ਅਤੇ ਦੁਪਹਿਰ ਬਾਅਦ ਸੀਐਨਈ ’ਚੋਂ 4 ਕੁ ਮੀਲ ਤੁਰਨ ਬਾਅਦ ਸਿਟੀ ਹਾਲ ਪਹੁੰਚੇ ਨਗਰ ਕੀਰਤਨ ਦੀ ਸਮਾਪਤੀ ’ਤੇ ਸਿਆਸੀ ਤੇ ਧਾਰਮਿਕ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਕੌਂਸਲ ਵੱਲੋਂ ਪੰਜਾਬ ਤੋਂ ਖੋਹੇ ਜਾ ਰਹੇ ਦਰਿਆਈ ਪਾਣੀ ਅਤੇ ਹੈਲਮਟ ਤੋਂ ਛੋਟ ਦੀ ਗੱਲ ਕੀਤੀ।
ਸਬੰਧਤ ਖ਼ਬਰ:
ਖਾਲਸਾ ਡੇ ਪਰੇਡ(ਸਰੀ)ਬਾਰੇ ਭਾਰਤ ਸਰਕਾਰ ਨੇ ਕੈਨੇਡਾ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ:ਮੀਡੀਆ ਰਿਪੋਰਟ …