ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਖਾਸ ਖਬਰਾਂ

ਇਤਿਹਾਸ ਕਿਤਾਬ ਮਾਮਲਾ: ਸਵਾਲਾਂ ਵਿਚ ਘਿਰੀ ਸ਼੍ਰੋਮਣੀ ਕਮੇਟੀ ਵਲੋਂ ਤਬਦੀਲੀਆਂ ਦੀ ਜਾਂਚ ਲਈ 5 ਮੈਂਬਰੀ ਕਮੇਟੀ ਦਾ ਗਠਨ

By ਸਿੱਖ ਸਿਆਸਤ ਬਿਊਰੋ

May 01, 2018

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਕੀ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ +1 ਅਤੇ +2 ਦੀਆਂ ਇਤਿਹਾਸ ਪੁਸਤਕਾਂ ਵਿਚ ਸਿੱਖ ਧਰਮ ਇਤਿਹਾਸ ਨੂੰ ਯੋਗ ਸਥਾਨ ਨਾ ਦੇਣ ਲਈ ਸੁਬੇ ਦੀ ਕੈਪਟਨ ਸਰਕਾਰ ਨੂੰ ਘੇਰਨ ਤੁਰੀ ਸ਼੍ਰੋਮਣੀ ਕਮੇਟੀ ਵੀ ਪਾਕਿ ਦਾਮਨ ਬਰੀ ਹੋ ਸਕੇਗੀ? ਇਹ ਸਵਾਲ ਬੀਤੇ ਕਲ੍ਹ ਤੋਂ ਹੀ ਬੜੀ ਤੀਬਰਤਾ ਨਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਖੁਦ ਵੀ ਨਹੀ ਜਾਣਦੀ ਕਿ ਉਪਰੋਕਤ ਕਿਤਾਬਾਂ ਵਿੱਚ ਉਹ ਕਿਹੜੀ ਤਬਦੀਲੀ ਕੀਤੀ ਗਈ ਹੈ ਜਿਸ ਬਾਰੇ ਉਸਨੇ ਸਿਖਿਆ ਬੋਰਡ ਅਤੇ ਕੈਪਟਨ ਸਰਕਾਰ ਖਿਲਾਫ ਮੁਹਾਜ ਛੇੜਿਆ ਹੈ।ਸ਼੍ਰੋਮਣੀ ਕਮੇਟੀ ਅਧਿਕਾਰੀ ਤਾਂ ਬੀਤੇ ਦਿਨਾਂ ਤੋਂ ਹੀ ਇਸ ਸਵਾਲ ਦੇ ਜਵਾਬ ਤੋਂ ਕਿਨਾਰਾ ਕਰ ਰਹੇ ਸਨ ਕਿ ਆਖਿਰ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸ ਦੀਆਂ ਉਪਰੋਕਤ ਕਿਤਾਬਾਂ ਦੇ ਪਾਠਕ੍ਰਮ ਬਾਰੇ ਕਮੇਟੀ ਨੁਮਾਇੰਦੇ ਪਰਮਵੀਰ ਸਿੰਘ ਦੀ ਨਿਯੁਕਤੀ ਕਦੋਂ ਹੋਈ । ਸ੍ਰ:ਪਰਮਵੀਰ ਸਿੰਘ ਨੇ ਬੋਰਡ ਦੁਆਰਾ ਗਠਤ ਕਮੇਟੀ ਦੀਆਂ ਕਿਹੜੀਆਂ ਮੀਟਿੰਗਾਂ ਵਿੱਚ,ਕਦੋਂ ਕਦੋਂ ਹਿੱਸਾ ਲਿਆ ,ਕਿਹੜੇ ਸੁਝਾਅ ਪੇਸ਼ ਕੀਤੇ ਜਾਂ ਕਿਨ੍ਹਾਂ ਤੇ ਇਤਰਾਜ ਜਿਤਾਇਆ, ਇਹ ਜਾਣਕਾਰੀ ਕਿਸੇ ਵੀ ਅਧਿਕਾਰੀ ਪਾਸ ਨਹੀ ਹੈ।

ਅੱਜ ਸਵੇਰੇ ਜਦੋਂ ਇਕ ਵਾਰ ਫਿਰ ਇਸ ਮਾਮਲੇ ਵਿੱਚ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਮੇਟੀ ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ (ਸਕੂਲਾਂ ਤੇ ਕਾਲਜਾਂ) ਦੇ ਸੁਚਾਰੂ ਪ੍ਰਬੰਧ ਲਈ ਸਾਲ 2002 ਵਿੱਚ ਗਠਿਤ ਕੀਤਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੀ ਮਹਿਜ ਇੱਕ ਪ੍ਰਬੰਧਕੀ ਢਾਂਚਾ ਹੈ।ਇਸ ਡਾਇਰੈਕਟੋਰੇਟ ਦੇ ਪ੍ਰਬੰਧ ਹੇਠਲੇ ਸ਼੍ਰੋਮਣੀ ਕਮੇਟੀ ਸਕੂਲਾਂ/ਕਾਲਜਾਂ ਵਿੱਚ ਕੀ ਪੜਾਇਆ ਜਾ ਰਿਹਾ ਹੈ ਕੋਈ ਨਹੀ ਜਾਣਦਾ। ਵੈਸੇ ਇਸ ਡਾਇਰੈਕਟੋਰੇਟ ਪਾਸ ਵਿਦਿਅਕ ਮਾਹਿਰਾਂ ਦੇ ਨਾਮ ਹੇਠ ਡਾਇਰੈਕਟਰ/ਸਹਾਇਕ ਡਾਇਰੈਕਟਰ (ਕਰਮਵਾਰ ਗੁਰਮੋਹਨ ਸਿੰਘ ਵਾਲੀਆ, ਧਰਮਿੰਦਰ ਸਿੰਘ ਉਭਾ ਤੇ ਹੁਣ ਜਤਿੰਦਰ ਸਿੰਘ ਸਿੱਧੂ, ਪ੍ਰਭਜੀਤ ਸਿੰਘ ਅਤੇ ਬੀਬੀ ਸਤਵੰਤ ਕੌਰ) ਵਿਦਿਅਕ ਹੀ ਮੰਨੇ ਜਾਂਦੇ ਹਨ। ਹੁਣ ਜਦੋਂ ਕਿ ਸਾਹਮਣੇ ਆ ਚੁੱਕਾ ਹੈ ਕਿ ਸਿੱਖਿਆ ਬੋਰਡ ਵਲੋਂ ਕਿਤਾਬੀ ਸਿਲੇਬਸ ਵਿੱਚ ਤਬਦੀਲੀ ਦਾ ਕਾਰਜ 2004 ਵਿੱਚ ਹੀ ਸ਼ੁਰੂ ਹੋ ਗਿਆ ਸੀ। ਪ੍ਰੰਤੂ ਹੁਣ ਤੀਕ ਇਨ੍ਹਾਂ ਅਧਿਕਾਰੀਆਂ ਨੂੰ ਇਸ ਸਿਲੇਬਸ ਤਬਦੀਲੀ ਬਾਰੇ ਕੀ ਜਾਣਕਾਰੀ ਹੈ ਜਾਂ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਸ ਮਾਧਿਅਮ ਤੇ ਕਿਸ ਵੇਲੇ ਕੁਝ ਯਾਦ ਕਰਵਾਇਆ, ਇਸ ਗੱਲ ਤੋਂ ਖੁੱਦ ਸ਼੍ਰੋਮਣੀ ਕਮੇਟੀ ਅਨਜਾਣ ਹੈ। ਜਿਕਰਯੋਗ ਹੈ ਕਿ ਕਮੇਟੀ ਦੇ ਸਿੱਖਿਆ ਵਿਭਾਗ ਨਾਲ ਸਮੇਂ ਸਮੇਂ ਮੌਜੂਦਾ ਮੁਖ ਸਕੱਤਰ ਡਾ:ਰੂਪ ਸਿੰਘ ,ਧਰਮ ਪ੍ਰਚਾਰ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਅਤੇ ਹੁਣ ਸਕੱਤਰ ਅਵਤਾਰ ਸਿੰਘ ਸੈਂਪਲਾ,ਵਧੀਕ ਸਕੱਤਰ ਮਹਿੰਦਰ ਸਿੰਘ ਆਹਲੀ ਵੀ ਜੁੜੇ ਹੋਏ ਹਨ। ਇਹ ਕਮੇਟੀ ਅਹੁਦੇਦਾਰ ਵੀ ਸਿਖਿਆ ਬੋਰਡ ਦੀ ਕਿਸੇ ਕਾਰਵਾਈ ਤੋਂ ਅਨਜਾਣ ਹੀ ਹਨ। ਸਿਲੇਬੱਸ ਤਬਦੀਲੀ ਦੀ ਤਿਆਰੀ ਦੇ ਜੋਰ ਫੜਨ ਵੇਲੇ (2014) ਤੋਂ ਜੇ ਕੋਈ ਬੋਰਡ ਨਾਲ ਸੰਪਰਕ ਵਿੱਚ ਰਿਹਾ ਕਿਹਾ ਜਾ ਸਕਦਾ ਹੈ ਤਾਂ ਯਕੀਨਨ ਉਹ ਤਤਕਾਲੀਨ ਸ਼੍ਰੋਮਣੀ ਕਮੇਟੀ ਦੀ ਉਹ ਐਜੂਕੇਸ਼ਨ ਕਮੇਟੀ ਹੀ ਕਹੀ ਜਾ ਸਕਦੀ ਹੈ।

ਕਮੇਟੀ ਅਧਿਕਾਰੀਆਂ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਜੂਕੇਸ਼ਨ ਕਮੇਟੀ ਸ਼੍ਰੋਮਣੀ ਕਮੇਟੀ ਪਰਧਾਨ, ਸੀਨੀਅਰ ਮੀਤ ਪਰਧਾਨ ਅਤੇ ਜੂਨੀਅਰ ਮੀਤ ਪਰਧਾਨ ਤੇ ਅਧਾਰਿਤ ਹੁੰਦੀ ਹੈ ਜਿਸਦਾ ਮਤਲਬ ਸਾਫ ਹੈ ਕਿ ਸਾਲ 2004 ਤੋਂ ਸ੍ਰੋਮਣੀ ਕਮੇਟੀ ਪਰਧਾਨ ਰਹੇ ਬੀਬੀ ਜਗੀਰ ਕੌਰ, ਅਵਤਾਰ ਸਿੰਘ ਮੱਕੜ, ਪ੍ਰੋ:ਕਿਰਪਾਲ ਸਿੰਘ ਬਡੂੰਗਰ ਤੇ ਹੁਣ ਗੋਬਿੰਦ ਸਿੰਘ ਲੋਂਗੋਵਾਲ ਤੇ ਉਨ੍ਹਾਂ ਦੀ ਟੀਮ ਜਿੰਮੇਵਾਰ ਹਨ।

ਪਾਠਕ੍ਰਮ ਮਾਮਲੇ ਵਿੱਚ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਤੇ ਸਾਧੇ ਸਿੱਧੇ ਨਿਸ਼ਾਨੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੁਝ ਹਰਕਤ ਵਿੱਚ ਜਰੂਰ ਆਈ ਹੈ ਪਰ ਇਹ ਕਾਹਲ ਵੀ ਸਿਰਫ ਆਪਣੇ ਪ੍ਰਬੰਧ ਹੇਠਲੇ ਡਾਇਰੈਕਟੋਰੇਟ ਐਜੂਕੇਸ਼ਨ ਤੇ ਸਿੱਖਿਆ ਵਿਭਾਗ ਪਾਸੋਂ ਇਹੀ ਜਾਨਣ ਲਈ ਹੈ ਕਿ ਆਖਿਰ ਪਾਠਕ੍ਰਮ ਮਾਮਲੇ ਬਾਰੇ ਹੋਈ ਕਿਸੇ ਵੀ ਕਾਰਵਾਈ ਬਾਰੇ ਉਹ ਕੀ ਜਾਣਦੇ ਹਨ। ਹੁਣ ਕਿਉਂ ਕਿ +1 ਅਤੇ +2 ਦੇ ਵਿਦਿਆਰਥੀਆਂ ਲਈ ਬੋਰਡ ਵਲੋਂ ਤਿਆਰ ਕਰਵਾਈ ਤਬਦੀਲੀਆਂ ਵਾਲੀ ਕਿਤਾਬ, ਕੁਝ ਦਿਨ੍ਹਾਂ ਤੀਕ ਮਾਰਕੀਟ ਵਿੱਚ ਆਣ ਵਾਲੀ ਹੈ।

ਸਿੱਖ ਧਰਮ ਇਤਿਹਾਸ ਬਾਰੇ ਕੀਤੀਆਂ ਤਬਦੀਲੀਆਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਜ ਇੱਕ ਸਬ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਪ੍ਰਿੰਸੀਪਲ ਡਾ:ਤੇਜਿੰਦਰ ਕੌਰ ਧਾਲੀਵਾਲ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਤੇ ਅਧਾਰਿਤ ਇਹ ਸਬ ਕਮੇਟੀ ਦੋ ਦਿਨ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ । ਇਸ ਕਮੇਟੀ ਦੇ ਕੋਆਰਡੀਨੇਟਰ ਕਮੇਟੀ ਦੇ ਡਾਇਰੈਕਟਰ ਸਿੱਖਿਆ ਜਤਿੰਦਰ ਸਿੰਘ ਸਿੱਧੂ ਹੋਣਗੇ । ਇਸ ਸਬ ਕਮੇਟੀ ਦੀ ਇਕਤਰਤਾ 2 ਮਈ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ ਬਹਾਦਰ ਗੜ੍ਹ ਪਟਿਆਲਾ ਵਿਖੇ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: