ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਵੀਡੀਓ

ਮਾਮਲਾ 12ਵੀਂ ਦੀ ਇਤਿਹਾਸ ਕਿਤਾਬ ਦਾ; ਭਗਤ ਨਾਮਦੇਵ ਜੀ ਦੇ ਗੁਰਦੁਆਰੇ ਨੂੰ ਦਰਸਾਇਆ ਮੰਦਿਰ

By ਸਿੱਖ ਸਿਆਸਤ ਬਿਊਰੋ

May 01, 2018

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਲਈ ਤਿਆਰੀ ਕੀਤੀ ਇਤਿਹਾਸ ਦੀ ਕਿਤਾਬ ਬਾਰੇ ਪੈਦਾ ਹੋਏ ਵਿਵਾਦ ਦੌਰਾਨ ਗੁਰਗਿਆਨ ਇੰਸਟੀਚਿਊਟ ਫਾਰ ਹਿਊਮਨ ਕਨਸਰਨਜ਼, ਪਟਿਆਲਾ ਵਲੋਂ ਅਗਲੇ ਦਿਨਾਂ ਵਿਚ ਇਸ ਕਿਤਾਬ ਵਿਚ ਕੀਤੀਆਂ ਗਈਆਂ ਗਲਤੀਆਂ ਅਤੇ ਬਦਲੇ ਗਏ ਪਾਠਕ੍ਰਮ ਸਬੰਧੀ ਇਕ ਵਿਸਥਾਰਤ ਰਿਪੋਰਟ ਪੰਜਾਬ ਦੇ ਲੋਕਾਂ ਸਾਹਮਣੇ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਪ੍ਰਧਾਨ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਕਿਤਾਬ ਕਿੱਡੀ ਵੱਡੀ ਸਾਜਿਸ਼ ਦਾ ਹਿੱਸਾ ਹੈ ਇਸਨੂੰ ਇਸ ਤੱਥ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੇ ਪਿੰਡ ਘੁਮਾਣ ਵਿਚ ਸਥਿਤ ਭਗਤ ਨਾਮਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਮੰਦਿਰ ਲਿਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਤਿਹਾਸ ਦਾ ਸਿਲੇਬਸ ਸਾਜਿਸ਼ ਤਹਿਤ ਬਦਲਿਆ ਗਿਆ ਹੈ ਤੇ ਨਵੇਂ ਸਿਲੇਬਸ ਵਿਚ ਪੰਜਾਬ ਦੇ ਇਤਿਹਾਸ ਨੂੰ ਛਾਂਗਣ ਤੋਂ ਇਲਾਵਾ ਤੱਥਾਂ ਨਾਲ ਵੱਡੀ ਛੇੜ-ਛਾੜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਇਸ ਪੁਸਤਕ ਦੀ ਪੜਤਾਲ ਲਈ ਇਕ ਤੱਥ ਖੋਜ ਕਮੇਟੀ ਬਣਾਈ ਗਈ ਹੈ, ਜੋ ਛੇਤੀ ਹੀ ਆਪਣੀ ਰਿਪੋਰਟ ਪੇਸ਼ ਕਰੇਗੀ। ਕਮੇਟੀ ਵਲੋਂ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾਵੇਗੀ ਤੇ ਲੋਕਾਂ ਦੀ ਕਚਹਿਰੀ ਵਿਚ ਜਨਤਕ ਕੀਤੀ ਜਾਵੇਗੀ।

ਸਰਕਾਰੀ ਅਦਾਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਇਤਿਹਾਸ ਕਿਤਾਬ ਦਾ ਵਿਵਾਦਤ ਪਾਠਕ੍ਰਮ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਨਵੀਂ ਛਪਵਾਈ ਪਾਠ ਪੁਸਤਕ ਵਿਚੋਂ ਪੰਜਾਬ ਅਤੇ ਸਿੱਖ ਗੁਰ-ਇਤਿਹਾਸ ਗ਼ਾਇਬ ਕਰਨ ਦਾ ਮਸਲਾ ਜਿੱਥੇ ਪੰਜਾਬ ਸਿਵਲ ਸਕੱਤਰੇਤ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਅੱਜ ਦਿਨ ਭਰ ਮੁੱਖ ਮੰਤਰੀ ਸਕੱਤਰੇਤ ‘ਚ ਵੀ ਇਹ ਵਿਵਾਦ ਗੂੰਜਦਾ ਨਜ਼ਰ ਆਇਆ। ਸੀ.ਐਮ.ਓ. ਦੇ ਸੀਨੀਅਰ ਅਧਿਕਾਰੀ ਇਸ ਵਿਵਾਦ ਬਾਰੇ ਕਿਸੇ ਨਾ ਕਿਸੇ ਨਾਲ ਚਰਚਾ ਕਰਦੇ ਨਜ਼ਰ ਆਏ।

ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਆਪਣੇ ਭਰੋਸੇਯੋਗ ਕਰੀਬੀ ਅਧਿਕਾਰੀਆਂ ਨਾਲ ਇਸ ਸਬੰਧੀ ਡੂੰਘੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਵਿਵਾਦ ਵਿਚੋਂ ਕਿਵੇਂ ਨਿਕਲਿਆ ਜਾਵੇ। ਇਸ ਸਬੰਧੀ ਕੈਪਟਨ ਦੇ ਕਰੀਬੀਆਂ ਦਾ ਇਹ ਕਹਿਣਾ ਹੈ ਕਿ ਸ਼ਾਹਕੋਟ ਉਪ ਚੋਣ ਨੂੰ ਧਿਆਨ ‘ਚ ਰੱਖਦਿਆਂ ਵਿਰੋਧੀ ਧਿਰ ਵਲੋਂ ਜਾਣ ਬੁੱਝ ਕੇ ਇਹ ਮੁੱਦਾ ਬਣਾਇਆ ਗਿਆ ਹੈ। ਸਿਵਲ ਸਕੱਤਰੇਤ ਵਿਖੇ ਅਧਿਕਾਰੀਆਂ ਸਮੇਤ ਹੋਰਨਾਂ ਮੁਲਾਜ਼ਮਾਂ ਵਿਚਾਲੇ ਵੀ ਇਹ ਮਸਲਾ ਅੱਜ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਇਸ ਦੇ ਇਲਾਵਾ ਹਰਿਆਣਾ ਸਿਵਲ ਸਕੱਤਰੇਤ ਵਿਖੇ ਵੀ ਕੁਝ ਅਧਿਕਾਰੀ ਇਸ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਨਜ਼ਰੀਂ ਆਏ।

ਮੀਡੀਆ ਰਿਪੋਰਟ ਅਨੁਸਾਰ ਸਕੱਤਰੇਤ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸੂਰਤ ‘ਤੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਸਰਕਾਰ ਦੀ ਬਜਰ ਗ਼ਲਤੀ ਸਾਬਿਤ ਹੋ ਸਕਦੀ ਹੈ ਪਰ ਜਦੋਂ ਤੱਕ ਉਹ ਉਕਤ ਦੋਵੇਂ ਕਿਤਾਬਾਂ ਨੂੰ ਵਾਚ ਨਹੀਂ ਲੈਂਦੇ, ਇਸ ਬਾਰੇ ਖੁੱਲ੍ਹੇ ਤੌਰ ‘ਤੇ ਟਿੱਪਣੀ ਨਹੀਂ ਕਰ ਸਕਦੇ। ਇਸ ਦੇ ਇਲਾਵਾ ਇੱਥੇ ਨਵੇਂ ਬਣੇ ਮੰਤਰੀਆਂ ਨੂੰ ਮਿਲਣ ਪੁੱਜੇ ਕਾਂਗਰਸੀ ਆਗੂ ਵੀ ਇਸ ਮਸਲੇ ‘ਤੇ ਗੱਲਬਾਤ ਕਰਦੇ ਰਹੇ। ਉੱਧਰ ਸਿੱਖਿਆ ਬੋਰਡ ਦੇ ਸਕੱਤਰ ਹਰਗੁਨਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਬੋਰਡ ਵਲੋਂ 11ਵੀਂ ਦੀ ਨਵੀਂ ਕਿਤਾਬ ਆਉਂਦੇ 10 ਦਿਨਾਂ ‘ਚ ਵੈੱਬਸਾਈਟ ‘ਤੇ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈੱਬਸਾਈਟ ‘ਤੇ ਪਾਉਣ ਮਗਰੋਂ ਕਿਤਾਬ ਛਪ ਕੇ ਵੀ ਜਲਦੀ ਹੀ ਆ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: