ਬਟਾਲਾ/ਘੁਮਾਣ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਿੱਖ ਸੰਗਤਾਂ ਅਤੇ ਵਿਵਾਦਤ ਡੇਰਾ ਨੂਰਮਹਿਲ ਨਾਲ ਸਬੰਧਤ ਜਥੇਬੰਦੀ “ਯੁਵਾ ਪਰਿਵਾਰ ਸੇਵਾ ਸਮਿਤੀ” ਦੇ ਕਾਰਕੁੰਨਾਂ ਵਿਚਾਲੇ ਹੋਏ ਝਗੜੇ ਕਾਰਨ ਨੂਰਮਹਿਲ ਸਮਰਥਕ 9 ਕਾਰਕੁੰਨਾਂ ਦੇ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ “ਯੁਵਾ ਪਰਿਵਾਰ ਸੇਵਾ ਸਮਿਤੀ” ਵੱਲੋਂ ਸ਼ਨੀਵਾਰ (2 ਸਤੰਬਰ) ਨੂੰ ਹਲਕਾ ਸ੍ਰੀਹਰਗੋਬਿੰਦਪੁਰ ਦੇ ਪਿੰਡ ਪੈਰੋਸ਼ਾਹ ਵਿੱਚ ਨਸ਼ਾ ਛੁਡਾਊ ਕੈਂਪ ਦੀ ਆੜ ‘ਚ ਵਿਵਾਦਤ ਡੇਰਾ ਨੂਰਮਹਿਲ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸਿੱਖ ਸੰਗਤਾਂ ਅਤੇ ਨੂਰਮਹਿਲ ਸਮਰਥਕਾਂ ਵਿਚ ਟਕਰਾਅ ਹੋ ਗਿਆ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਇਸ ਝਗੜੇ ਵਿਚ ਜਗਜੀਤ (ਬਠਿੰਡਾ), ਅਕਸ਼ੈ ਬੱਤਰਾ (ਅੰਮ੍ਰਿਤਸਰ), ਸੰਦੀਪ ਤਰਨ ਤਾਰਨ, ਬਿੱਟੂ ਭੋਡੇ ਥਾਣਾ ਬਿਲਗਾ, ਬੂਟਾ ਗਦਰੀ ਬਿਗਲਾ, ਸ਼ਰਨਜੀਤ ਜੈ ਜੱਬੋਵਾਲ ਟਾਂਗਰਾ (ਅੰਮ੍ਰਿਤਸਰ) ਆਦਿ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ।
ਵਿਵਾਦਤ ਡੇਰਾ ਨੂਰਮਹਿਲ ਦੇ ਆਗੂ ਜਗਬੀਰ ਨੇ ਦੋਸ਼ ਲਾਇਆ ਕਿ ਇਹ ਹਮਲਾ ਸਤਿਕਾਰ ਕਮੇਟੀ ਦੇ ਸਿੱਖਾਂ ਨੇ ਕੀਤਾ ਹੈ। ਜਗਬੀਰ ਨੇ ਦੋਸ਼ ਲਾਇਆ ਕਿ ਉਹ ਜਦੋਂ ਹਮਲੇ ਦੀ ਰਿਪੋਰਟ ਥਾਣਾ ਘੁਮਾਣ ਵਿੱਚ ਦਰਜ ਕਰਵਾਉਣ ਆਏ ਤਾਂ ਉਥੇ ਵੀ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਹਮਲਾ ਕਰ ਦਿੱਤਾ। ਥਾਣਾ ਘੁਮਾਣ ਪੁਲਿਸ ਵੱਲੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਹੈ।
ਇਸ ਮੌਕੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਪੇਰੋਸ਼ਾਹ ਵਿਚ ਕੁਝ ਨੂਰ ਮਹਿਲੀਏ ਜੋ ਗੁਰਦੁਆਰਾ ਸਾਹਿਬ ਵਿਚ ਅਨਾਉਂਸਮੈਂਟ ਕਰਕੇ ਸਿੱਖੀ ਭੇਸ ਵਿਚ ਚੰਦਾ ਇਕੱਠਾ ਕਰ ਰਹੇ ਸੀ, ਜਿਸ ਸਬੰਧੀ ਡੀ.ਐਸ.ਪੀ. ਅਤੇ ਥਾਣੇ ਦੇ ਮੁਖੀ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਅਤੇ ਅਜਿਹਾ ਕਰਨ ਤੋਂ ਰੋਕਣ ਲਈ ਕਿਹਾ, ਪਰ ਕਿਸੇ ਨੇ ਕੋਈ ਪੁਲਿਸ ਫੋਰਸ ਨਹੀਂ ਭੇਜੀ, ਜਿਸ ਕਾਰਨ ਉਕਤ ਵਿਅਕਤੀਆਂ ਨੂੰ ਸਤਿਕਾਰ ਕਮੇਟੀ ਮੈਂਬਰ ਹੀ ਥਾਣਾ ਘੁਮਾਣ ਵਿਖੇ ਲੈ ਕੇ ਆਏ ਹਨ, ਜਿਥੇ ਕਿ ਪਹਿਲਾਂ ਤੋਂ ਮੌਜੂਦ ਆਸ਼ੂਤੋਸ਼ ਨੂਰਮਹਿਲ ਦੇ 30-40 ਚੇਲਿਆਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ ਅਤੇ ਗੱਡੀਆਂ ਦੀ ਭੰਨ੍ਹ-ਤੋੜ ਕੀਤੀ। ਹਮਲੇ ਦੌਰਾਨ ਸਤਿਕਾਰ ਕਮੇਟੀ ਮੈਂਬਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ।