ਆਗਰਾ (16 ਅਪ੍ਰੈਲ, 2015): ਦਿੱਲੀ, ਹਰਿਆਣਾ, ਮਹਾਂਰਾਸ਼ਟਰ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਚਰਚਾ ‘ਤੇ ਹਮਲਾ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇੱਥੋਂ ਦੇ ਛਾਉਣੀ ਇਲਾਕੇ ‘ਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕਰਨ ‘ਤੇ ਸਥਾਨਕ ਇਸਾਈ ਭਾਈਚਾਰਾ ਗੁੱਸੇ ‘ਚ ਹੈ। ਪੁਲਿਸ ਅਨੁਸਾਰ ਇਹ ਘਟਨਾ ਆਗਰਾ ਛਾਉਣੀ ਦੇ ਪ੍ਰਤਾਪਪੁਰਾ ਖੇਤਰ ‘ਚ ਸੇਂਟ ਮੈਰੀ ਚਰਚ ਦੀ ਹੈ ।
ਪੁਲਿਸ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕਾਂ ਖਿਲਾਫ਼ ਰਕਾਬਗੰਜ ਥਾਣੇ ‘ਚ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਮੁੱਖ ਗੇਟ ਸਮੇਤ ਦੋ ਮੂਰਤੀਆਂ ਨੂੰ ਨੁਕਸਾਨ ਪੁੱਜਾ।ਇਸਾਈ ਭਾਈਚਾਰੇ ਨੇ 24 ਘੰਟਿਆਂ ‘ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ 20 ਮਾਰਚ ਨੂੰ ਵੀ ਇਕ ਚਰਚ ਤੇ ਇਕ ਮਿਸ਼ਨਰੀ ਸਕੂਲ ਵਿਚ ਹਿੰਦੂ ਸੰਗਠਨ ਦੇ ਵਰਕਰਾਂ ਵੱਲੋਂ ਭੰਨ-ਤੋੜ ਕੀਤੀ ਗਈ ਸੀ ਤੇ ਇਸ ਸਬੰਧੀ ਦੱਖਣਪੰਥੀ ਹਿੰਦੂ ਸਮੂਹ ਦੇ 6 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।
ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਭਾਜਪਾ ਸਰਕਾਰ ਬਨਣ ਤੋਂ ਬਾਅਦ ਵਿੱਚ ਭਾਜਪਾ ਦੇ ਅਤੇ ਉਸਦੀਆਂ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਵੱਲੋਂ ਘੱਟ ਗਿਣਤੀਆਂ ਬਾਰੇ ਅਪਮਾਨਿਤ ਬਿਆਨ ਦੇਣ, ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ, ਚਰਚਾ ‘ਤੇ ਹਮਲੇ ਅਤੇ ਮੁਸਲਮਾਨਾਂ ਦੇ ਜਬਰੀ ਧਰਮ ਪਰਿਵਰਤਣ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ।