ਹਿਸਾਰ (5 ਮਾਰਚ, 2015): ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਪੈਂਦੇ ਪਿੰਡ ਕੈਮਰੀ ’ਚ ਉਸਾਰੀ ਅਧੀਨ ਗਿਰਜਾਘਰ ’ਚ ਕੁਝ ਲੋਕਾਂ ਨੇ ਭੰਨ-ਤੋੜ ਤੋਂ ਬਾਅਦ ਉੱਥੇ ਕਰਾਸ ਨੂੰ ਪੁੱਟ ਕੇ ਹਨੂੰਮਾਨ ਦੀ ਮੂਰਤੀ ਸਥਾਪਤ ਕਰ ਦਿੱਤੀ।ਵਿਲੀਵਾਰਸ਼ ਚਰਚ ਦੇ ਪਾਦਰੀ ਸੁਭਾਸ਼ ਚੰਦ ਦੀ ਸ਼ਿਕਾਇਤ ’ਤੇ ਪੁਲੀਸ ਨੇ 14 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾਵਾਂ 14 7, 153 ਏ, 295, 380 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਕਰਾਸ ਦੇ ਟੋਟੇ ਕਰ ਦਿੱਤੇ ਅਤੇ ਹਨੂੰਮਾਨ ਦੀ ਮੂਰਤੀ ਸਥਾਪਤ ਕਰਕੇ ਝੰਡਾ ਲਾ ਦਿੱਤਾ। ਪਾਦਰੀ ਮੁਤਾਬਕ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਲੋਕ ਚਰਚ ’ਚੋਂ ਜਾਂਦੇ ਹੋਏ ਕੂਲਰ ਅਤੇ ਕੁਝ ਹੋਰ ਸਾਮਾਨ ਵੀ ਆਪਣੇ ਨਾਲ ਲੈ ਗਏ। ਹਿਸਾਰ ਰੇਂਜ ਦੇ ਡੀਆਈਜੀ ਸੌਰਭ ਸਿੰਘ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ। ਉਧਰ ਕ੍ਰਿਸਚੀਅਨ ਫਰੰਟ ਹਰਿਆਣਾ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਉਧਰ ਗਿਰਜਾਂਘਰਾਂ ’ਚ ਹੋਏ ਹਮਲਿਆਂ ਨੂੰ ਦੇਖਦਿਆਂ ਦਿੱਲੀ ਪੁਲੀਸ ਨੇ ਰਾਜਧਾਨੀ ਦੀਆਂ ਸਾਰੀਆਂ 240 ਚਰਚਾਂ ਦੀ ਸੁਰੱਖਿਆ ਬਾਰੇ ਵਿਚਾਰ-ਵਟਾਂਦਰਾ ਕੀਤਾ। 161 ਚਰਚਾਂ ਨੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਸਾਰੇ ਥਾਣਿਆਂ ਦੇ ਮੁਖੀਆਂ ਨੂੰ ਚਰਚਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਚਰਚਾਂ ਨੇੜੇ ਗਸ਼ਤ ਕਰਨ, ਪੀਸੀਆਰ ਵੈਨ ਤਾਇਨਾਤ ਕਰਨ ਅਤੇ ਰਾਤ ਨੂੰ ਚੌਕਸੀ ਰੱਖਣ ਦੀ ਵੀ ਹਦਾਇਤ ਕੀਤੀ ਗਈ ਹੈ।