ਲੇਖ

ਦੱਖਣੀ ਚੀਨ ਸਾਗਰ ਵਿੱਚ ਤੇਲ ਦੇ ਭੰਡਾਰ ਖੋਜਣ ਲਈ ਭਾਰਤ ਤੇ ਵੀਅਤਨਾਮ ਵਿੱਚ ਸਮਝੌਤੇ ਤੋਂ ਚੀਨ ਖਫ਼ਾ!

By ਸਿੱਖ ਸਿਆਸਤ ਬਿਊਰੋ

October 22, 2011

ਭਾਰਤ  ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਦੀ ਤਿਆਰੀ

– ਡਾ. ਅਮਰਜੀਤ ਸਿੰਘ

ਵਾਸ਼ਿੰਗਟਨ ਡੀ. ਸੀ. ( 19 ਅਕਤੂਬਰ, 2011 ): ਪਿਛਲੇ ਕੁਝ ਸਾਲਾਂ ਤੋਂ ਕਈ ਅਜਿਹੇ ਮਸਲੇ ਸਾਹਮਣੇ ਆ ਰਹੇ ਹਨ, ਜੋ ਭਾਰਤ ਤੇ ਚੀਨ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜਾਉਂਦੇ ਹਨ। ਅਮਰੀਕਾ ਦੀ ਭਾਰਤ ਨੂੰ ਪੁੱਠ ਇਨ੍ਹਾਂ ਮਸਲਿਆਂ ਨੂੰ ਹੋਰ ਪੇਚੀਦਾ ਬਣਾ ਰਹੀ ਹੈ। ਇੱਕ ਸੀਨੀਅਰ ਭਾਰਤੀ ਪੱਤਰਕਾਰ ਬ੍ਰਹਮ ਚੇਲਾਨੀ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਪੁਸਤਿਕ ‘ਵਾਟਰ – ਏਸ਼ੀਆਜ਼ ਨਿਊ ਬੈਟਲਗਰਾਊਂਡ’ ਵਿੱਚ ਦੱਸਿਆ ਗਿਆ ਹੈ ਕਿ ਭਵਿੱਖ ਵਿੱਚ ਜੰਗਾਂ ਪਾਣੀ ਲਈ ਲੜੀਆਂ ਜਾਣਗੀਆਂ। ਇਉਂ ਲਗਦਾ ਹੈ ਜਿਵੇਂ ਦੱਖਣੀ ਏਸ਼ੀਆ ਵਿੱਚ ਜੰਗ ਦਾ ਅਖਾੜਾ ਭਖਣ ਲੱਗਾ ਹੋਵੇ ਕਿਉਂਕਿ ਦੱਖਣੀ ਚੀਨ ਸਾਗਰ ਵਿੱਚ ਤੇਲ ਦੀ ਖੋਜ ਕਰਨ ਦੇ ਮੁੱਦੇ ’ਤੇ ਭਾਰਤ ਤੇ ਚੀਨ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਏ ਹਨ। ਹੁਣੇ-ਹੁਣੇ ਭਾਰਤ ਨੇ ਇਸ ਇਲਾਕੇ ਵਿੱਚ ਤੇਲ ਦੀ ਖੋਜ ਕਰਨ ਲਈ ਵੀਅਤਨਾਮ ਦੀ ਸਰਕਾਰ ਨਾਲ ਇੱਕ ਸਮਝੌਤਾ ਕੀਤਾ ਹੈ। ਚੀਨ ਨੇ ਇਸ ਸਮਝੌਤੇ ਦੇ ਵਿਰੋਧ ਵਿੱਚ ਸਖਤ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਚੀਨ ਪੂਰੀ ਤਾਕਤ ਨਾਲ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਚੀਨ ਦੇ ਰਵੱਈਏ ਬਾਰੇ ਅੰਦਾਜ਼ਾ ਬੀਜਿੰਗ ਤੋਂ ਛਪਦੀ ਇੱਕ ਅਖਬਾਰ ‘ਗਲੋਬਲ ਟਾਈਮਜ਼’ ਦੇ ਇਸ ਸਿਰਲੇਖ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ – ‘ਦੱਖਣੀ ਚੀਨ ਸਾਗਰ ਦੇ ਦੁਆਲੇ ਫਿਰ ਰਹੇ ਲੋਕਾਂ ਨੂੰ ਸਬਕ ਸਿਖਾਉਣ ਦਾ ਸਮਾਂ।’ ਭਾਰਤ ਦੀਆਂ ਇਨ੍ਹਾਂ ਹਰਕਤਾਂ ਤੋਂ ਖਫਾ ਚੀਨ ਉਸ ਨੂੰ ਸਬਕ ਸਿਖਾਉਣ ਲਈ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤ ਸਕਦਾ ਹੈ।

ਬ੍ਰਹਮ ਚੇਲਾਨੀ ਦੀ ਕਿਤਾਬ ਮੁਤਾਬਿਕ ਭਾਰਤ ਤੇ ਚੀਨ ਵਿਚਕਾਰ ਜੰਗ ਲੱਗਣ ਦਾ ਸਭ ਤੋਂ ਵੱਡਾ ਕਾਰਣ ਪਾਣੀ ਬਣ ਸਕਦਾ ਹੈ ਕਿਉਂਕਿ ਭਾਰਤ ਵਿੱਚੋਂ ਲੰਘਣ ਵਾਲੀਆਂ ਬਹੁਤੀਆਂ ਨਦੀਆਂ ਚੀਨੀ ਕਬਜ਼ੇ ਹੇਠਲੇ ਤਿੱਬਤ ਤੋਂ ਸ਼ੁਰੂ ਹੁੰਦੀਆਂ ਹਨ। ਅੱਪਰ ਰਾਈਪੇਰੀਅਨ ਦੇਸ਼ ਹੋਣ ਦੇ ਨਾਤੇ ਚੀਨ ਭਾਰਤ ਨਾਲ ਉਹੀ ਕੁਝ ਕਰ ਸਕਦਾ ਹੈ, ਜੋ ਭਾਰਤ ਸਿੱਖ, ਪੰਜਾਬ, ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਕਰਦਾ ਆ ਰਿਹਾ ਹੈ। ਚੀਨ, ਬ੍ਰਹਮਪੁੱਤਰ ਤੇ ਸਤਲੁਜ ਨਦੀਆਂ ਦੇ ਪਾਣੀ ’ਤੇ ਆਪਣਾ ਹੱਕ ਜਤਾ ਸਕਦਾ ਹੈ ਕਿਉਂਕਿ ਇਹ ਨਦੀਆਂ ਤਿੱਬਤ ਤੋਂ ਸ਼ੁਰੂ ਹੁੰਦੀਆਂ ਹਨ। ਭਾਰਤ ਵਲੋਂ ਦੱਖਣੀ ਚੀਨ ਸਾਗਰ ਵਿੱਚ ਤੇਲ ਖੋਜਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਭਵਿੱਖ ਵਿੱਚ ਭਾਰਤ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਬ੍ਰਹਮ ਚੇਲਾਨੀ ਨਵੀਂ ਦਿੱਲੀ ਸਥਿਤ ‘ਸੈਂਟਰ ਫਾਰ ਪਾਲਿਸੀ ਰੀਸਰਚ’ ਵਿੱਚ ਪ੍ਰੋਫੈਸਰ ਆਫ ਸਟਰੀਟਜਿਕ ਸਟੱਡੀਜ਼ ਵਜੋਂ ਤਾਇਨਾਤ ਹੈ। ਉਹ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੇ ਬੋਰਡ ਆਫ ਗਵਰਨਰਜ਼ ਦਾ ਮੈਂਬਰ ਵੀ ਹੈ। ਉਹ ਅਕਸਰ ਹੀ ਦੱਖਣੀ ਏਸ਼ੀਆ ਨਾਲ ਸਬੰਧਿਤ ਰਾਜਨੀਤਕ ਮਸਲਿਆਂ ’ਤੇ ਆਪਣੇ ਵਿਚਾਰ ਪੇਸ਼ ਕਰਦਾ ਰਹਿੰਦਾ ਹੈ। ਪਰ ਆਪਣੀ ਨਵੀਂ ਕਿਤਾਬ ਵਿੱਚ ਪ੍ਰੋ. ਚੇਲਾਨੀ ਪਿਛਲੀ ਅੱਧੀ ਸਦੀ ਤੋਂ ਪੰਜਾਬ ਦਾ ਪਾਣੀ ਖੋਹ ਕੇ ਪੰਜਾਬ ਨੂੰ ਬੰਜਰ ਬਣਾਏ ਜਾਣ ਦੀਆਂ ਕੋਝੀਆਂ ਚਾਲਾਂ ਦੀ ਗੱਲ ਕਰਨੀ ਭੁੱਲ ਗਿਆ ਹੈ।

ਪਾਣੀਆਂ ਦੇ ਮਸਲੇ ਬਾਰੇ ਆਪਣੀ ਕਿਤਾਬ ਵਿੱਚ ਬ੍ਰਹਮ ਚੇਲਾਨੀ ਲਿਖਦਾ ਹੈ ਕਿ ਮੱਧ ਵਰਗ ਦੇ ਉਭਾਰ, ਸ਼ਹਿਰੀਕਰਣ ਅਤੇ ਗਲੋਬਲ ਵਾਰਮਿੰਗ ਕਰਕੇ ਏਸ਼ੀਆ ਦੀ ਪਾਣੀ ਦੀ ਸਪਲਾਈ ਉ¤ਤੇ ਕਾਫੀ ਬੋਝ ਵਧ ਰਿਹਾ ਹੈ। ਇਸ ਖਿੱਤੇ ਵਿੱਚ ਚੌਲਾਂ ਦੀ ਖੇਤੀ ਹੋਣ ਕਾਰਨ ਪਹਿਲਾਂ ਹੀ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਭਾਵੇਂ ਕਿ ਪੂਰਾ ਏਸ਼ੀਆ ਹੀ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਦੱਖਣੀ ਏਸ਼ੀਆ ਵਿੱਚ ਖਾਸ ਤੌਰ ’ਤੇ ਪਾਣੀ ਦੀ ਘਾਟ ਹੋਣ ਕਾਰਣ ਜੰਗ ਲੱਗਣ ਦਾ ਖਤਰਾ ਹੈ। ਉਹ ਲਿਖਦਾ ਹੈ, ‘‘ਬੀਤੇ ਵਿੱਚ ਜ਼ਮੀਨ ਲਈ ਲੜਾਈਆਂ ਲੜੀਆਂ ਜਾਂਦੀਆਂ ਸਨ। ਅੱਜ ਊਰਜਾ ਲਈ ਲੜੀਆਂ ਜਾਂਦੀਆਂ ਹਨ ਅਤੇ ਭਵਿੱਖ ਵਿੱਚ ਪਾਣੀ ਲਈ ਲੜੀਆਂ ਜਾਣਗੀਆਂ। ਹੋਰ ਕਿਸੇ ਵੀ ਜਗ੍ਹਾ ਵਲੋਂ ਏਸ਼ੀਆ ਵਿੱਚ ਇਹ ਖਤਰਾ ਸਭ ਤੋਂ ਵਧੇਰੇ ਹੈ। ਦੁਨੀਆਂ ਦੀ ਕੁੱਲ ਅਬਾਦੀ ਦਾ ਅੱਧਾ ਹਿੱਸਾ ਏਸ਼ੀਆ ਵਿੱਚ ਵਸਦਾ ਹੈ ਪਰ ਇੱਥੇ ਤਾਜ਼ਾ ਪਾਣੀ ਅਟਾਂਰਕਟਿਕਾ ਨੂੰ ਛੱਡ ਕੇ ਹੋਰ ਕਿਸੇ ਵੀ ਮਹਾਂਦੀਪ ਤੋਂ ਘੱਟ ਹੈ। ਏਸ਼ੀਆ ਵਿੱਚ ਪ੍ਰਤੀ ਵਿਅਕਤੀ ਤਾਜ਼ੇ ਪਾਣੀ ਦੀ ਉਪਲਬਧਤਾ ਵਿਸ਼ਵ ਪੱਧਰ ਨਾਲੋਂ ਅੱਧੀ ਹੈ। ਏਸ਼ੀਆ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਖਪਤ ਦੱਖਣੀ ਅਮਰੀਕਾ ਨਾਲੋਂ ਦੁੱਗਣੀ ਹੈ। ਪਿਛਲੇ 50 ਸਾਲਾਂ ਦੌਰਾਨ ਉ¤ਤਰੀ ਤੇ ਪੱਛਮੀ ਚੀਨ ਵਿੱਚ 24000 ਪਿੰਡ ਪਾਣੀ ਦੀ ਘਾਟ ਕਾਰਨ ਖਾਲੀ ਹੋ ਗਏ। ਇਸ ਤੋਂ ਇਲਾਵਾ 2000 ਤੋਂ ਲੈ ਕੇ 2009 ਤੱਕ ਚੀਨ ਦੇ ਤਾਜ਼ਾ ਪਾਣੀ ਦੇ ਜ਼ਖੀਰਿਆਂ ਵਿੱਚ 13 ਪ੍ਰਤੀਸ਼ਤ ਦੀ ਕਮੀ ਆਈ ਹੈ।

ਚੇਲਾਨੀ ਦੀ ਕਿਤਾਬ ਅਨੁਸਾਰ ਆਪਣੀ ਲਗਾਤਾਰ ਵਧਦੀ ਜਾ ਰਹੀ ਪਾਣੀ ਦੀ ਲੋੜ ਦੇ ਮੱਦੇਨਜ਼ਰ ਚੀਨ ਦੱਖਣੀ ਏਸ਼ੀਆਈ ਨਦੀਆਂ ਦੇ ਵਹਿਣ ਮੋੜ ਸਕਦਾ ਹੈ, ਜਿਸਦੇ ਭਿਆਨਕ ਨਤੀਜੇ ਨਿੱਕਲਣਗੇ। ਚੀਨ ਤਿੱਬਤ ਤੋਂ ਤਿੰਨ ਸੌ ਕਿਲੋਮੀਟਰ ¦ਮੀ ਸੁਰੰਗ ਬਣਾ ਕੇ ਪੂਰਬੀ ਚੀਨ ਵਿੱਚ ਪਾਣੀ ਲਿਜਾਣਾ ਚਾਹੁੰਦਾ ਹੈ, ਜਿੱਥੇ ਪਾਣੀ ਦੀ ਬੇਹੱਦ ਕਮੀ ਹੈ। ਇਸੇ ਤਰ੍ਹਾਂ ਇਹ ਬ੍ਰਹਮਪੁੱਤਰ ਨਦੀ ਦਾ ਵਹਿਣ ਮੋੜ ਕੇ ਇਸ ਨੂੰ ਉ¤ਤਰ ਵੱਲ ਲੈ ਜਾਣਾ ਚਾਹੁੰਦਾ ਹੈ, ਜਿਸ ਨਾਲ ਭਾਰਤ ਦੇ ਉ¤ਤਰ-ਪੂਰਵ ਅਤੇ ਬੰਗਲਾਦੇਸ਼ ਵਿੱਚ ਪਾਣੀ ਦੀ ਸਖਤ ਘਾਟ ਪੈਦਾ ਹੋ ਜਾਵੇਗੀ। ਇਸ ਤੋਂ ਬਾਅਦ ਸ਼ਾਇਦ ਸਤਲੁਜ ਦੀ ਵਾਰੀ ਆਵੇਗੀ, ਜਿਸ ਦਾ ਪਾਣੀ ਭਾਰਤੀ ਕਬਜ਼ੇ ਹੇਠਲੇ ਪੰਜਾਬ ਅਤੇ ਪਾਕਿਸਤਾਨ ਵਿੱਚ ਵਰਤਿਆ ਜਾਂਦਾ ਹੈ।

ਭਾਰਤ ਅਤੇ ਵੀਅਤਨਾਮ ਦੇ ਦੱਖਣੀ ਚੀਨ ਸਾਗਰ ਵਿੱਚ ਤੇਲ ਖੋਜਣ ਸਬੰਧੀ ਹੋਏ ਸਮਝੌਤੇ ਤੋਂ ਖਫਾ ਹੋਏ ਚੀਨ ਨੇ ਭਾਰਤ ਖਿਲਾਫ ਸਖਤ ਰੁਖ ਅਖਤਿਆਰ ਕਰ ਲਿਆ ਹੈ। ਇਸ ਦਾ ਪਤਾ ਚੀਨੀ ਕਮਿਊਨਿਸਟ ਪਾਰਟੀ ਦੇ ਅਖਬਾਰ ਵਿੱਚ ਛਪੀਆਂ ਸੰਪਾਦਕੀਆਂ ਦੀ ਸੁਰ ਤੋਂ ਲਗਦਾ ਹੈ। ਗਲੋਬਲ ਟਾਈਮਜ਼ ਵਿੱਚ ਛਪੇ ਇੱਕ ਲੇਖ ਵਿੱਚ ਲਿਖਿਆ ਗਿਆ ਹੈ, ‘‘ਚੀਨ ਦਾ ਧਿਆਨ ਆਪਣੀ ਅੰਦਰੂਨੀ ਤਰੱਕੀ ਅਤੇ ਸਹਿਹੋਂਦ ਬਣਾਈ ਰੱਖਣ ’ਤੇ ਹੈ। ਇਸੇ ਕਰਕੇ ਚੀਨ ਦਾ ਅਜਿਹੇ ਮੁੱਦਿਆਂ ਪ੍ਰਤੀ ਉਦਾਰ ਰਵੱਈਆ ਰਿਹਾ ਹੈ ਤਾਂ ਕਿ ਇਸ ਦੇ ਇਲਾਕੇ ਵਿੱਚ ਅਮਨ ਤੇ ਤਰੱਕੀ ਦਾ ਮਾਹੌਲ ਬਣਿਆ ਰਹੇ। ਬਦਕਿਸਮਤੀ ਵੱਸ, 1974 ਵਿੱਚ ਜ਼ੀਸ਼ਾ ਆਈਲੈਂਡ ਯੁੱਧ ਅਤੇ 1979 ਵਿੱਚ ਸਿਨੋ-ਵੀਅਤਨਾਮ ਜੰਗ ਦੌਰਾਨ ਚੀਨ ਹੱਥੋਂ ਹਾਰ ਖਾਣ ਦੇ ਬਾਵਜੂਦ ਵੀ ਅੱਜ ਵੀਅਤਨਾਮ ਦੱਖਣੀ ਚੀਨ ਸਾਗਰ ਵਿੱਚ ਚੀਨ ਨੂੰ ਅੱਖਾਂ ਦਿਖਾ ਰਿਹਾ ਹੈ। ਇਸ ਨੇ ਆਸਪਾਸ ਦੇ ਦੇਸ਼ਾਂ ਨੂੰ ‘ਵਿਵਾਦਗ੍ਰਸਤ’ ਇਲਾਕਿਆਂ ਨੂੰ ਹੱਥ ਪਾਉਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਅਮਰੀਕਾ ਦਾ ਧਿਆਨ ਵੀ ਖਿੱਚਿਆ ਹੈ, ਜਿਸ ਨਾਲ ਇਲਾਕਾਈ ਟਕਰਾਅ ਅੰਤਰਰਾਸ਼ਟਰੀ ਰੂਪ ਧਾਰਨ ਕਰ ਗਿਆ ਹੈ। ਸਿੰਗਾਪੁਰ ਨੇ ਉ¤ਚਕੋਟੀ ਦੇ ਜੰਗੀ ਜਹਾਜ਼ ਖਰੀਦੇ ਹਨ ਜਦੋਂਕਿ ਆਸਟ੍ਰੇਲੀਆ, ਭਾਰਤ ਤੇ ਜਪਾਨ ‘ਵਿਸ਼ਵ ਪੱਧਰੀ’ ਜੰਗ ਲਈ ਹਥਿਆਰ ਇਕੱਤਰ ਕਰ ਰਹੇ ਹਨ। ਅਮਰੀਕਾ, ਜਿਹੜਾ ਕਿ ਇਲਾਕਾਈ ਟਕਰਾਅ ਨੂੰ ਸ਼ਹਿ ਦੇ ਰਿਹਾ ਹੈ, ਵੀ ਇਨ੍ਹਾਂ ਦੇਸ਼ਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਝਿਜਕ ਨਹੀਂ ਰਿਹਾ। ਇਹ ਬਹੁਤ ਦਿਲਚਸਪ ਹੈ ਕਿ ਕੁਝ ਦੇਸ਼ ਚੀਨ ਨੂੰ ਧਮਕੀਆਂ ਦੇਣ ਲੱਗੇ ਹਨ ਕਿਉਂਕਿ ਅਮਰੀਕਾ ਨੇ ਏਸ਼ੀਆ ਵਿੱਚ ਵਾਪਸ ਆਉਣ ਦਾ ਐਲਾਨ ਕਰ ਦਿੱਤਾ ਹੈ।’’

ਗਲੋਬਲ ਟਾਈਮਜ਼ ਦੇ ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੰਗੀ ਤਣਾਅ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਚੀਨ ਨੂੰ ਦੱਖਣੀ ਚੀਨ ਸਾਗਰ ਵਿੱਚ ਤੇਲ ਖੋਜਣ ਦੇ ਕੰਮ ਵਿੱਚ ਭਾਗ ਲੈਣਾ ਚਾਹੀਦਾ ਹੈ। ਲੇਖ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਸਾਡਾ ਤੇਲ ਚੋਰੀ ਕਰਨਾ ਚਾਹੁੰਦੇ ਹਨ ਅਤੇ ਚੀਨ ਦੀ ਪ੍ਰਭੂਸੱਤਾ ਨੂੰ ਵੰਗਾਰ ਰਹੇ ਹਨ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ ਅਤੇ ਪਹਿਲ ਦੇ ਅਧਾਰ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਥਿਤੀ ਵੱਸੋਂ ਬਾਹਰ ਨਾ ਹੋ ਜਾਵੇ। ਇਉਂ ਲੱਗਦਾ ਹੈ ਕਿ ਜਿਵੇਂ ਇਸ ਖਿੱਤੇ ਦੇ ਸਾਰੇ ਮੁਲਕ ਹਥਿਆਰ ਇਕੱਠੇ ਕਰਨ ਦੀ ਦੌੜ ਲਗਾ ਰਹੇ ਹੋਣ।

ਸਾਰੇ ਹਾਲਾਤ ਦੇ ਮੱਦੇਨਜ਼ਰ ਇਹੀ ਲੱਗਦਾ ਹੈ ਕਿ ਭਾਰਤ ਦਾ ਬ੍ਰਾਹਮਣ-ਬਾਣੀਆਂ ਗੱਠਜੋੜ ਇੱਕ ਵਾਰ ਫਿਰ 1962 ਵਰਗਾ ਝਟਕਾ ਖਾਣ ਦੀ ਤਿਆਰੀ ਵਿੱਚ ਹੈ। ਜੇਕਰ ਭਾਰਤ ਦੇ ਭੂਤਰੇ ਹੋਏ ਹਿੰਦੂਤਵੀ ਸ਼ਾਸ਼ਕ ਇੰਝ ਹੀ ਚੀਨ ਨਾਲ ਪੰਗੇ ਲੈਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਚੀਨ ਖੁਦ ਭਾਰਤ ’ਤੇ ਹਮਲਾ ਕਰੇਗਾ, ਜਿਵੇਂਕਿ ਉਸ ਦੇ ਨੀਤੀਘਾੜੇ ਅਖਬਾਰਾਂ ਦੀਆਂ ਸੰਪਾਦਕੀਆਂ ਰਾਹੀਂ ਸੰਕੇਤ ਦੇ ਰਹੇ ਹਨ। ਅਜਿਹੀ ਜੰਗ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਣਾ ਯਕੀਨੀ ਹੈ। ਭਾਰਤੀ ਹਾਕਮਾਂ ਨੂੰ ਆਪਣੀ ਅਕਲ ਟਿਕਾਣੇ ਸਿਰ ਲਿਆਉਂਦਿਆਂ ਅਜਿਹੀਆਂ ਹੋਛੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਜੋ ਇਸ ਖਿੱਤੇ ਨੂੰ ਜੰਗ ਦੀ ਭੇਟ ਚਾੜ੍ਹਦੀਆਂ ਹਨ।

-(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ ਕੈਨੇਡਾ ਵਿਚੋਂ …)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: