Site icon Sikh Siyasat News

ਇੱਕ-ਦੋ ਦਿਨਾਂ ‘ਚ ਛੋਟੇਪੁਰ ਆਵਾਜ਼-ਏ-ਪੰਜਾਬ ਦਾ ਹਿੱਸਾ ਬਣ ਸਕਦੇ ਹਨ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੰਮ੍ਰਿਤਸਰ ਵਿਖੇ ਆਪਣੀ ਪਰਿਵਰਤਨ ਯਾਤਰਾ ਦੌਰਾਨ ਬੋਲਦਿਆਂ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਗਏ ਫਰੰਟ ਆਵਾਜ਼-ਏ-ਪੰਜਾਬ ਦਾ ਹਿੱਸਾ ਬਣ ਸਕਦੇ ਹਨ।

ਅੰਮ੍ਰਿਤਸਰ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ

ਮੀਟਿੰਗ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਪਰਿਵਰਤਨ ਯਾਤਰਾ ਦੇ ਮੰਤਵ ਤੋਂ ਜਾਣੂ ਕਰਾਇਆ ਅਤੇ ਹੁਣ ਤੱਕ ਦੀ ਪਰਿਵਰਤਨ ਯਾਤਰਾ ਦੇ ਤਜਰਬੇ ਦੱਸੇ। ਉਨ੍ਹਾਂ ਆਪਣੀ ਇਹ ਯਾਤਰਾ ਛੇ ਸਤੰਬਰ ਤੋਂ ਸ਼ੁਰੂ ਕੀਤੀ ਸੀ। 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਉਹ ਯਾਤਰਾ ਤਹਿਤ ਖਡੂਰ ਸਾਹਿਬ ਚਲੇ ਗਏ। 16 ਸਤੰਬਰ ਨੂੰ ਉਹ ਤਰਨ ਤਾਰਨ ਇਲਾਕੇ ਵਿੱਚ ਵੀ ਮੀਟਿੰਗਾਂ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਛੋਟੇਪੁਰ ਨੇ ਆਪਣੀ ਭਵਿੱਖ ਦੀ ਰਣਨੀਤੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੋਵਾਂ ਨੇ ਆਪਣੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ, ਜੋ ਕਿ ਸ਼ਲਾਘਾਯੋਗ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਆਪਣੇ ਭਵਿੱਖ ਸਬੰਧੀ ਫੈਸਲਾ ਉਹ ਇੱਕ-ਦੋ ਦਿਨਾਂ ਵਿਚ ਪਰਿਵਰਤਨ ਯਾਤਰਾ ਦੀ ਸਮਾਪਤੀ ਮਗਰੋਂ ਕਰਨਗੇ। ਇਸ ਦੌਰਾਨ ਉਹ ਆਪਣੇ ਸਮਰਥਕਾਂ ਕੋਲੋਂ ਇਸ ਸਬੰਧੀ ਰਾਇ ਵੀ ਲੈ ਰਹੇ ਹਨ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਆਖਿਆ ਕਿ ਪਹਿਲਾਂ ਉਸ ਨੇ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਹੁਣ ਆਪਣੀ ਪਾਰਟੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੀ ਭਾਈਵਾਲ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ, ਜੋ ਇੱਕ ਬਹਾਦਰ ਵਿਅਕਤੀ ਹੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਅਜਿਹੀ ਸਾਫ ਸੁਥਰੀ ਦਿੱਖ ਵਾਲੇ ਅਤੇ ਇਮਾਨਦਾਰ ਲੋਕ ਹੀ ਪੰਜਾਬ ਨੂੰ ਤਰੱਕੀ ਦੀ ਲੀਹ ’ਤੇ ਲੈ ਕੇ ਜਾ ਸਕਦੇ ਹਨ। ਪੰਜਾਬ ਦੇ ਵਾਸੀ ਵੀ ਅਜਿਹੇ ਲੋਕਾਂ ਦਾ ਸਮਰਥਨ ਕਰਨਗੇ। ਉਨ੍ਹਾਂ ਆਖਿਆ ਕਿ ਆਵਾਜ਼-ਏ-ਪੰਜਾਬ ਫਰੰਟ ਦਾ ਹਿੱਸਾ ਬਣਨ ਜਾਂ ਆਪਣੀ ਪਾਰਟੀ ਬਣਾਉਣ ਬਾਰੇ ਉਹ ਜੋ ਵੀ ਫ਼ੈਸਲਾ ਕਰਨਗੇ, ਉਹ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਡਰਾਮੇਬਾਜ਼ ਆਖਦਿਆਂ ਛੋਟੇਪੁਰ ਨੇ ਕਿਹਾ ਕਿ ਉਹ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦਾ ਹੈ ਅਤੇ ਟਿਕਟਾਂ ਵੇਚਣ ਦੇ ਨਾਂ ਹੇਠ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version