ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਪਰਿਵਰਤਨ ਯਾਤਰਾ’ ਕੱਲ੍ਹ ਫਰੀਦਕੋਟ ਵਿਖੇ ਸਮਾਪਤ ਹੋ ਗਈ। 6 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਛੋਟੇਪੁਰ ਨੇ 13 ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਦੀ ਰਾਇ ਇਕੱਤਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪਰਿਵਰਤਨ ਯਾਤਰਾ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਉਹ ਚੌਥੇ ਫਰੰਟ ਨਾਲ ਮਿਲ ਕੇ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਅਤੇ ਜਲਦ ਹੀ ਇਸ ਪਾਰਟੀ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਨਵਜੋਤ ਸਿੱਧੂ ਅਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਪ੍ਰਸ਼ੰਸਾ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਪ੍ਰਗਟ ਸਿੰਘ ਅਤੇ ਹਰਿੰਦਰ ਸਿੰਘ ਖਾਲਸਾ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਨੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਛੋਟੇਪੁਰ ਦੇ ਖਾਸ ਮੰਨੇ ਜਾਂਦੇ ਆਗੂ ਵੀ ਇਸ ਰੈਲੀ ਵਿੱਚ ਨਹੀਂ ਗਏ, ਜਦੋਂਕਿ ਕੁਝ ਕਾਂਗਰਸੀ ਅਤੇ ਅਕਾਲੀ ਵਰਕਰ ਇਸ ਰੈਲੀ ਵਿੱਚ ਦੇਖਣ ਨੂੰ ਮਿਲੇ।
ਇਸ ਰੈਲੀ ਵਿੱਚ ਡਾ. ਜੀਵਨ ਜੋਤ ਕੌਰ, ਹਰਦੀਪ ਕਿੰਗਰਾ, ਯਾਦਵਿੰਦਰ ਸਿੰਘ ਤੇ ਸਵਾਭੀਮਾਨ ਪਾਰਟੀ ਦੇ ਸੂਬਾਈ ਆਗੂ ਜਗਦੀਸ਼ ਰਾਏ ਸ਼ਰਮਾ ਵੀ ਹਾਜ਼ਰ ਸਨ।