ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਛੱਡ ਕੇ ‘ਆਪਣਾ ਪੰਜਾਬ ਪਾਰਟੀ’ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਵੀਰਵਾਰ ‘ਆਪ’ ਦੇ ਬਾਗੀਆਂ ’ਤੇ ਆਧਾਰਿਤ 40 ਮੈਂਬਰੀ ਸਟੇਟ ਬਾਡੀ ਬਣਾਉਣ ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਤਕਰੀਬਨ ਸਾਰੇ ਅਹੁਦੇਦਾਰ ‘ਆਪ’ ਦੇ ਬਾਗੀ ਹਨ।
ਛੋਟੇਪੁਰ ਨੇ ਵੀਰਵਾਰ ਨੂੰ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ‘ਆਪ’ ਤੋਂ ਨਿਰਾਸ਼ ਜਾਂ ਨਾਰਾਜ਼ ਨਹੀਂ ਸਗੋਂ ਬਾਗੀ ਲੋਕ ਹਨ ਅਤੇ ਛੇਤੀ ਹੀ ਅਕਾਲੀ ਦਲ ਦੇ ਬਾਗੀ ਵੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਵੱਲੋਂ ਬਣਾਈ ਗਈ ਸਵਰਾਜ ਇੰਡੀਆ ਪਾਰਟੀ ਨਾਲ ਫਿਲਹਾਲ ਉਹ ਤਾਲਮੇਲ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਤੋਂ ਮੁਅੱਤਲ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਉਣ ਸਬੰਧੀ ਤਕਰੀਬਨ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੀਟਾਂ ਸਬੰਧੀ ਸਮਝੌਤਾ ਕਰ ਕੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ’ਤੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਡਾਕਟਰ ਗਾਂਧੀ ਇਕ-ਅੱਧੇ ਦਿਨ ਵਿੱਚ ਗੱਠਜੋੜ ਬਾਰੇ ਐਲਾਨ ਕਰ ਸਕਦੇ ਹਨ।
ਛੋਟੇਪੁਰ ਨੇ ਸਪੱਸ਼ਟ ਕੀਤਾ ਕਿ ‘ਆਪ’ ਵਿੱਚੋਂ ਮੁਅੱਤਲ ਇਕ ਹੋਰ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਇਸ ਵੇਲੇ ਵਿਦੇਸ਼ ਦੌਰੇ ’ਤੇ ਹਨ ਅਤੇ ਉਨ੍ਹਾਂ ਨਾਲ ਗੱਠਜੋੜ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਦੁਹਰਾਇਆ ਕਿ ਜੇ ਅੱਜ ਵੀ ਆਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ, ਓਲੰਪੀਅਨ ਪਰਗਟ ਸਿੰਘ ਅਤੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੀ ਪਾਰਟੀ ਨਾਲ ਕੋਈ ਚੋਣ ਸਮਝੌਤਾ ਕਰਨਾ ਚਾਹੁੰਣਗੇ ਤਾਂ ਉਹ ਤਿਆਰ ਹਨ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਤੋਂ ਬਚਾਉਣ ਲਈ ਉਹ ਕਿਸੇ ਵੀ ਧਿਰ ਦੇ ਦਰ ’ਤੇ ਜਾਣ ਲਈ ਤਿਆਰ ਹਨ।
ਛੋਟੇਪੁਰ ਨੇ ‘ਆਪ’ ਵਿੱਚੋਂ ਹੁਣੇ ਨਿਕਲੇ ਵਕੀਲ ਬਿਕਰਮਜੀਤ ਸਿੰਘ ਬਾਠ ਨੂੰ ਕਾਨੂੰਨੀ ਵਿੰਗ ਦਾ ਮੁਖੀ ਅਤੇ ਅੰਕੁਰ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਹੈ। ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਆਈਏਐਸ ਅਧਿਕਾਰੀ ਆਰ ਆਰ ਭਾਰਦਵਾਜ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਪਰਮਿੰਦਰ ਕੌਰ ਨੂੰ ਔਰਤ ਵਿੰਗ, ਅਮਨਦੀਪ ਸਿੰਘ ਬੋਪਾਰਾਏ ਨੂੰ ਬੁੱਧੀਜੀਵੀ ਵਿੰਗ, ਇਕਬਾਲ ਗੱਜਣ ਨੂੰ ਸੱਭਿਆਚਾਰਕ ਵਿੰਗ ਅਤੇ ਕਰਨਲ ਜਸਜੀਤ ਸਿੰਘ ਗਿੱਲ ਨੂੰ ਮੀਡੀਆ ਵਿੰਗ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ। ਹਰਦੀਪ ਸਿੰਘ ਕਿੰਗਰਾ, ਆਰ ਆਰ ਭਾਰਦਵਾਜ, ਗੁਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਸੰਧੂ, ਨਰਿੰਦਰ ਵਾਲੀਆ, ਜਸਬੀਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰੰਧਾਵਾ ਅਤੇ ਜੋਗਾ ਸਿੰਘ ਚੱਪਰ ਨੂੰ ਤਰਜ਼ਮਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੰਜੇ ਸਲਾਰੀਆ ਨੂੰ ਪਠਾਨਕੋਟ, ਅਮਨਦੀਪ ਗਿੱਲ ਨੂੰ ਗੁਰਦਾਸਪੁਰ, ਗੁਰਿੰਦਰ ਬਾਜਵਾ ਨੂੰ ਅੰਮ੍ਰਿਤਸਰ, ਦਲਜੀਤ ਸਿੰਘ ਨੂੰ ਤਰਨਤਾਰਨ, ਗੁਰਬਿੰਦਰ ਸ਼ਾਹੀ ਨੂੰ ਕਪੂਰਥਲਾ, ਡਾਕਟਰ ਬੀ ਐਸ ਆਨੰਦ ਨੂੰ ਜਲੰਧਰ (ਸ਼ਹਿਰੀ), ਡਾਕਟਰ ਜੇ ਐਸ ਚਾਂਦੀ ਨੂੰ ਜਲੰਧਰ (ਦਿਹਾਤੀ), ਕ੍ਰਿਸ਼ਨਜੀਤ ਰਾਓ ਨੂੰ ਹੁਸ਼ਿਆਰਪੁਰ, ਪ੍ਰਵੇਸ਼ ਖੋਸਲਾ ਨੂੰ ਨਵਾਂ ਸ਼ਹਿਰ, ਡਾਕਟਰ ਆਰ ਐਸ ਪਰਮਾਰ ਨੂੰ ਰੋਪੜ, ਅਮਰਜੀਤ ਸਿੰਘ ਵਾਲੀਆ ਨੂੰ ਮੁਹਾਲੀ, ਤਰਲੋਚਨ ਸਿੰਘ ਲਾਲੀ ਨੂੰ ਫਤਿਹਗੜ੍ਹ ਸਾਹਿਬ, ਭਗਵਾਨ ਦਾਸ ਗਰਗ ਨੂੰ ਲੁਧਿਆਣਾ ਸ਼ਹਿਰੀ, ਸੁਖਦੇਵ ਸਿੰਘ ਨੂੰ ਜਗਰਾਓਂ, ਰਾਜਿੰਦਰ ਸਿੰਘ ਵਾਲੀਆ ਨੂੰ ਖੰਨਾ, ਸੁਖਦੇਵ ਸਿੰਘ ਨੂੰ ਫਿਰੋਜ਼ਪੁਰ, ਪ੍ਰੇਮ ਕੁਲਾਰੀਆ ਨੂੰ ਫਾਜ਼ਿਲਕਾ, ਗੁਰਮੀਤ ਸਿੰਘ ਬਰਾੜ ਨੂੰ ਮੁਕਤਸਰ, ਜਗਜੀਤ ਗਿੱਲ ਨੂੰ ਫਰੀਦਕੋਟ, ਅਸ਼ੋਕ ਕੁਮਾਰ ਸਿੰਗਲਾ ਨੂੰ ਬਠਿੰਡਾ ਸ਼ਹਿਰੀ, ਜਸਬੀਰ ਸਿੰਘ ਅਕਲੀਆ ਨੂੰ ਬਠਿੰਡਾ ਦਿਹਾਤੀ, ਹਰਬਿੰਦਰ ਮਾਨ ਨੂੰ ਮਾਨਸਾ, ਬਲਵੰਤ ਸਿੰਘ ਜੋਗਾ ਨੂੰ ਸੰਗਰੂਰ ਅਤੇ ਅਮਰਿੰਦਰ ਸਿੰਘ ਤੁੜ ਨੂੰ ਪਟਿਆਲਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।