ਚੰਡੀਗੜ੍ਹ-: ‘ਚੰਡੀਗੜ੍ਹ ਪੰਜਾਬੀ ਮੰਚ’ ਦੇ ਮੈਬਰਾਂ ਵਲੋਂ ਪਿਕਾਡਲੀ ਚੌਕ ਵਿਖੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ‘ਮਾਂ ਬੋਲੀ ਪੰਜਾਬੀ ਆਜ਼ਾਦ ਕਰੋ’ ਦਾ ਨਾਅਰਾ ਬੁਲੰਦ ਕੀਤਾ।
ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਬੋਲੀ ਦਰਦੀਆਂ ਨੇ ਭਾਰਤੀ ਆਜ਼ਾਦੀ ਦਿਹਾੜੇ ਤੋਂ ਇਕ ਸ਼ਾਮ ਪਹਿਲਾਂ ਚੰਡੀਗੜ੍ਹ ਵਿਚ ਹੱਥਾਂ ‘ਚ ਬੈਨਰ ਫੜ੍ਹ ਤੇ ਗਲ਼ਾਂ ‘ਚ ਤਖ਼ਤੀਆਂ ਪਾ ਕੇ ਮਾਂ ਬੋਲੀ ਪੰਜਾਬੀ ਨੂੰ ਆਜ਼ਾਦ ਕਰਵਾਉਣ ਦਾ ਹੋਕਾ ਦਿੱਤਾ।
ਇਸ ਉਪਰੰਤ ਸ਼ਾਮੀਂ ਕਰੀਬ ਪੰਜ ਵਜੇ ਮੋਮਬੱਤੀਆਂ ਜਗਾ ਕੇ ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ, ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਨ੍ਹੇਰ ਗਰਦੀ ‘ਚੋਂ ਜਾਗਣ ਤੇ ਚਾਨਣ ਵਿਚ ਆ ਕੇ ਦੇਖਣ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਹੈ। ਇਸ ਲਈ ਚੰਡੀਗੜ੍ਹ ਦੇ ਗਲ਼ੋਂ ਅੰਗਰੇਜ਼ੀ ਭਾਸ਼ਾ ਦਾ ਗ਼ਲਬਾ ਲਾਹ ਕੇ ਪੰਜਾਬੀ ਭਾਸ਼ਾ ਨੂੰ ਬਹਾਲ ਕੀਤਾ ਜਾਵੇ।
ਚੰਡੀਗੜ੍ਹ ਦੇ ਪਿਕਾਡਲੀ ਚੌਕ ‘ਤੇ ਇਕੱਤਰ ਹੋਏ ਪੰਜਾਬੀ ਬੋਲੀ ਦਰਦੀਆਂ ਨੂੰ ਸੰਬੋਧਨ ਹੁੰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਦਿਨ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਰੁਤਬਾ ਨਹੀਂ ਮਿਲਦਾ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਚੰਡੀਗੜ੍ਹ ਪੰਜਾਬੀ ਮੰਚ ਨੇ ਐਲਾਨ ਕੀਤਾ ਕਿ ਆਉਂਦੀ 1 ਨਵੰਬਰ ਨੂੰ ਜਿਸ ਦਿਨ ਚੰਡੀਗੜ੍ਹ ਪ੍ਰਸ਼ਾਸਨ ਆਪਣਾ ਸਥਾਪਨਾ ਦਿਵਸ ਮਨਾਏਗਾ।ਉਸ ਦਿਨ 1 ਨਵੰਬਰ ਨੂੰ ਪੰਜਾਬੀ ਭਾਸ਼ਾ ਦਰਦੀ ਕਾਲੇ ਦਿਵਸ ਵਜੋਂ ਮਨਾਉਣਗੇ। ਕਿਉਂਕਿ 1 ਨਵੰਬਰ 1966 ਨੂੰ ਹੀ ਚੰਡੀਗੜ੍ਹ ਵਾਸੀਆਂ ਤੋਂ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਖੋਹ ਕੇ ਅੰਗਰੇਜ਼ੀ ਨੂੰ ਕਬਜ਼ਾ ਦਿੱਤਾ ਗਿਆ ਸੀ ।
ਇਸ ਸਮਾਗਮ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਪੰਜਾਬੀ ਲੇਖਕ ਸਭਾ, ਟਰੇਡ ਯੂਨੀਅਨਾਂ ਤੇ ਵਿਿਦਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਉਪਰੋਕਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ, ਕਾਂਗਰਸੀ ਆਗੂ ਰਿੰਪਲ ਮਿੱਢਾ ਅਤੇ ਸੀ.ਪੀ.ਆਈ, ਸੀ.ਪੀ.ਐਮ ਦੇ ਆਗੂ ਵੀ ਇਸ ਸਮਾਗਮ ਵਿਚ ਹਾਜ਼ਰ ਹੋਏ।
ਇਸ ਰੋਸ ਸਮਾਗਮ ‘ਚ ਦੇਵੀ ਦਿਆਲ ਸ਼ਰਮਾ, ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ, ਰਘਵੀਰ ਸਿੰਘ, ਗੁਰਨਾਮ ਸਿੰਘ ਸਿੱਧੂ, ਸੁਖਜੀਤ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਸੋਮਲ, ਜੋਗਿੰਦਰ ਸਿੰਘ ਬੁੜੈਲ, ਦੀਪਕ ਸ਼ਰਮਾ ਚਨਾਰਥਲ, ਸਿਰੀਰਾਮ ਅਰਸ਼, ਡਾ.ਸਰਬਜੀਤ ਸਿੰਘ, ਬਲਕਾਰ ਸਿੱਧੂ, ਗਾਇਕਾ ਸੁੱਖੀ ਬਰਾੜ, ਜੋਗਿੰਦਰ ਸਿੰਘ ਬੁੜੈਲ, ਰਘਵੀਰ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਨਾਮ ਸਿੰਘ, ਜਵਾਲਾ ਸਿੰਘ, ਸੁਖਜੀਤ ਸਿੰਘ ਸੁੱਖਾ ਤੋਂ ਇਲਾਵਾ ਭੁਪਿੰਦਰ ਸਿੰਘ ਬਡਹੇੜੀ, ਦੇਵ ਰਾਜ, ਸੁੱਖਾ ਅਟਾਵਾ, ਅਮਰੀਕ ਸਿੰਘ, ਮਨਜੀਤ ਕੌਰ ਮੀਤ, ਪਾਲ ਅਜਨਬੀ, ਮਲਕੀਅਤ ਬਸਰਾ, ਜਗਦੀਪ ਨੂਰਾਨੀ, ਦੀਪਕ ਚਨਾਰਥਲ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਪਰਮ ਬੈਦਵਾਣ, ਨਰਿੰਦਰਪਾਲ ਨੀਨਾ, ਕਰਮਜੀਤ ਸਿੰਘ ਬੱਗਾ, ਗਾਇਕ ਸੰਮੀ, ਮਨਜੀਤ ਕੌਰ ਮੋਹਾਲੀ ਆਦਿ ਹਾਜ਼ਰ ਸਨ।