ਪੰਜਾਬੀ ਪ੍ਰੇਮੀ ਸੈਨਟਰਾਂ ਵਲੋਂ ਐਮ ਫਿੱਲ ਅਤੇ ਪੀਐਚਡੀ ਦੇ ਸਾਂਝੇ ਦਾਖ਼ਲਾ ਟੈਸਟ ਦਾ ਮਾਧਿਆਮ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ‘ਚ ਕਰਨ ਦੀ ਜ਼ੋਰਦਾਰ ਮੰਗ ਉਠਾਏ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਂਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਦਬਾਅ ਵਧਾ ਦਿੱਤਾ ਸੀ। ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੇਸ਼ ਦੇ ਉੱਪ ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਹਾਮਿਦ ਅਹਿਮਦ ਅੰਸਾਰੀ ਨੂੰ ਇੱਕ ਪੱਤਰ ਲਿਖ ਕੇ ਦਾਖ਼ਲਾ ਟੈਸਟ ਦਾ ਮਾਧਿਅਮ ਪੰਜਾਬੀ ‘ਚ ਕਰਨ ਦੇ ਆਦੇਸ਼ ਦੇਣ ਲਈ ਕਿਹਾ ਸੀ। ਸੈਨੇਟ ਦੀ 25 ਮਈ ਦੀ ਮੀਟਿੰਗ ‘ਚ ਉਪ ਕੁੱਲਪਤੀ ਪ੍ਰੋ. ਅਰੁਣ ਗਰੋਵਰ ਨੇ ਸੈਨਟਰਾਂ ਦੀ ਮੰਗ ‘ਤੇ ਦਾਖ਼ਲਾ ਟੈਸਟ ਦਾ ਮਾਧਿਅਮ ਪੰਜਾਬੀ ‘ਚ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਸੀ।
ਪਤਾ ਲੱਗਾ ਹੈ ਕਿ ਸੈਨੇਟ ‘ਚ ਮਾਂ ਬੋਲੀ ਪੰਜਾਬੀ ਦੇ ਹੱਕ ‘ਚ ਆਵਾਜ਼ ਉੱਠਣ ਅਤੇ ਮੰਗ ਦੇ ਜ਼ੋਰ ਫੜਨ ਤੋਂ ਬਾਅਦ ਡੀਨ ਯੂਨੀਵਰਸਿਟੀ ਇੰਸ਼ਟਰਕਸ਼ਨਜ਼ ਪ੍ਰੋ. ਅਨਿੱਲ ਕੁਮਾਰ ਭੰਡਾਰੀ ਨੇ ਵੱਖ-ਵੱਖ ਵਿਭਾਗਾਂ ਨੂੰ ਇੱਕ ਪੱਤਰ ਲਿਖ ਕੇ ਸਾਂਝੇ ਦਾਖ਼ਲਾ ਟੈਸਟ ਦਾ ਮਾਧਿਅਮ ਪੰਜਾਬੀ ਅਤੇ ਹਿੰਦੀ ਕਰਨ ਦੀ ਇੱਛਾ ਪੁੱਛ ਲਈ ਸੀ। ਡੀਯੂਆਈ ਦੇ ਇਸ ਪੱਤਰ ਦਾ ਹੁੰਗਾਰਾ ਭਰਦਿਆਂ ਸੋਸ਼ਿਆਲੋਜੀ, ਪਬਲਿਕ ਐਡਮਨਿਸਟ੍ਰੇਸ਼ਨ, ਸੋਸ਼ਲ ਵਰਕ ਅਤੇ ਪੁਲੀਸ ਐਡਮਨਿਸਟ੍ਰੇਸ਼ਨ ਵਿਭਾਗ ਨੇ ਟੈਸਟ ਦਾ ਮਾਧਿਅਮ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ‘ਚ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। । ਯੂਨੀਵਰਸਿਟੀ ਵਲੋਂ ਚਾਰ ਵਿਸ਼ਿਆਂ ਦੀ ਐਮ ਫਿੱਲ ਅਤੇ ਪੀਐਚ ਡੀ ‘ਚ ਦਾਖ਼ਲੇ ਲਈ ਸਾਂਝੇ ਟੈਸਟ ਦਾ ਮਾਧਿਅਮ ਹਿੰਦੀ ਅਤੇ ਪੰਜਾਬੀ ਹੋਣ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਦਾਖ਼ਲਾ ਟੈਸਟ ਵਾਸਤੇ ਆਨ- ਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ ਪੰਜ ਜੁਲਾਈ ਹੈ ਜਦੋਂਕਿ ਅੱਠ ਜੁਲਾਈ ਤੱਕ ਫ਼ੀਸ ਜਮਾਂ ਕਰਾਈ ਜਾ ਸਕਦੀ ਹੈ। ਦਾਖ਼ਲਾ ਸਾਂਝੇ ਟੈਸਟ ਦੇ ਆਧਾਰ ‘ਤੇ ਹੋਵੇਗਾ ਜਿਸ ਦੀ ਤਰੀਕ 27 ਜੁਲਾਈ ਮੁਕਰਰ ਕੀਤੀ ਗਈ ਹੈ।
ਯੂਨੀਵਰਸਿਟੀ ‘ਚ ਨੌਕਰੀ ਲੈਣ ਲਈ ਦਸਵੀਂ ‘ਚ ਲਾਜ਼ਮੀ ਪੰਜਾਬੀ ਦੀ ਸ਼ਰਤ ਰੱਖੀ ਨਹੀਂ ਗਈ, ਜਿਸ ਦਾ ਖ਼ਮਿਆਜ਼ਾ ਵਿਦਿਆਰਥੀ ਭੁਗਤ ਰਹੇ ਹਨ। ਇਥੋਂ ਤੱਕ ਕਿ ਪੰਜਾਬੀ ਦੇ ਗਿਆਨ ਤੋਂ ਊਣੇ ਅਧਿਆਪਕਾਂ ਨੂੰ ਪੰਜਾਬੀ ਮਾਧਿਅਮ ਦੀਆਂ ਉਤਰ ਪੱਤਰੀਆਂ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਰਹੀ ਹੈ।
ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਪਰਵਿੰਦਰ ਸਿੰਘ ਨੇ ਕਿਹਾ ਕਿ ਹੋਰ ਵਿਭਾਗਾਂ ਵਲੋਂ ਇੱਛਾ ਪ੍ਰਗਟ ਕਰਨ ਦੀ ਸੂਰਤ ‘ਚ ਉਨਾਂ ਨੂੰ ਵੀ ਸਾਂਝਾ ਦਾਖ਼ਲਾ ਟੈਸਟ ਪੰਜਾਬੀ ਅਤੇ ਹਿੰਦੀ ‘ਚ ਲੈਣ ਦੀ ਆਗਿਆ ਦਿੱਤੀ ਜਾ ਸਕਦੀ ਸੀ।
ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣਾ ਪੰਜਾਬੀ ਵਿਰੋਧੀ ਅਧਿਕਾਰੀਆਂ ਲਈ ਗਲੇ ਦੀ ਹੱਡੀ ਬਣ ਕੇ ਰਹਿ ਗਿਆ ਹੈ। ਯੂਨੀਵਰਸਿਟੀ ਕੈਂਪਸ ਅਤੇ ਖੇਤਰੀ ਸੈਂਟਰਾਂ ‘ਚ ਪੜ੍ਹਾਈ ਦਾ ਮਾਧਿਅਮ ਤਾਂ ਪੰਜਾਬੀ ਹੈ ਪਰ ਪੜ੍ਹਾਉਣ ਵਾਲੇ ਵੱਡੀ ਗਿਣਤੀ ਅਧਿਆਪਕ ਕੇਵਲ ਹਿੰਦੀ ਜਾਂ ਅੰਗਰੇਜ਼ੀ ਹੀ ਜਾਣਦੇ ਹਨ।