ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵੱਲੋਂ ਵੱਖ ਵੱਖ ਵਿਸ਼ਿਆਂ ਉੱਤੇ ਮਾਹਿਰਾਂ ਅਤੇ ਵਿਦਵਾਨਾਂ ਦੇ ਵਖਿਆਨ ਕਰਵਾਏ ਜਾਂਦੇ ਹਨ ਅਤੇ ਸੰਜੀਦਾ ਵਿਸ਼ਿਆਂ ਉੱਪਰ ਚਰਚਾ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਲੰਘੀ 1 ਦਸੰਬਰ (2019) ਨੂੰ ਗਾਂਧੀ ਭਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੰਵਾਦ ਵੱਲੋਂ ਪ੍ਰੋਫ਼ੈਸਰ ਪ੍ਰੀਤਮ ਆਕਸਫੋਰਡ ਦਾ ਇੱਕ ਖਾਸ ਵਖਿਆਨ ਕਰਵਾਇਆ ਗਿਆ, ਜਿਸ ਦਾ ਵਿਸ਼ਾ “ਵਿਸ਼ਵ ਪ੍ਰਸੰਗ ਵਿੱਚ ਪੰਜਾਬ ਲਈ ਆਰਥਿਕ ਚੁਣੌਤੀਆਂ” ਸੀ।
ਪ੍ਰੋਫ਼ੈਸਰ ਪ੍ਰੀਤਮ ਸਿੰਘ ਅਰਥਚਾਰੇ ਦੇ ਮਾਹਿਰ ਵਿਦਵਾਨ ਅਤੇ ਅਧਿਆਪਕ ਹਨ।
ਆਪਣੇ ਵਖਿਆਨ ਵਿੱਚ ਉਨ੍ਹਾਂ ਨੇ ਉਕਤ ਵਿਸ਼ੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਖਾਲਸਾ ਰਾਜ ਮੌਕੇ ਪੰਜਾਬ ਦਾ ਅਰਥਚਾਰਾ ਇੱਕ ਖੁਦਮੁਖਤਿਆਰ ਅਰਥਚਾਰਾ ਸੀ ਪਰ ਬਰਤਾਨਵੀ ਹਕੂਮਤ ਦੇ ਰਾਜ ਹੇਠ ਪੰਜਾਬ ਦੇ ਅਰਥਚਾਰੇ ਨੂੰ ਬਸਤੀਵਾਦੀ ਤਾਕਤਾਂ ਦੀ ਮਾਰ ਝੱਲਣੀ ਪਈ। ਉਨ੍ਹਾਂ ਦੇ ਵਖਿਆਨ ਤੋਂ ਇਹ ਸਾਫ ਇਸ਼ਾਰਾ ਮਿਲਦਾ ਸੀ ਕਿ ਮੌਜੂਦਾ ਭਾਰਤੀ ਹਕੂਮਤ ਹੇਠ ਵੀ ਪੰਜਾਬ ਦਾ ਅਰਥਚਾਰਾ ਬਸਤੀਵਾਦੀ ਮਾਰ ਝੱਲ ਰਿਹਾ ਹੈ।
ਪ੍ਰੋਫ਼ੈਸਰ ਪ੍ਰੀਤਮ ਸਿੰਘ ਦੇ ਵਖਿਆਨ ਤੋਂ ਬਾਅਦ ਵਿਚਾਰ-ਚਰਚਾ ਅਤੇ ਸੁਆਲ ਜੁਆਬ ਹੋਏ।
ਇਸ ਸਮਾਗਮ ਦੀ ਕਾਰਵਾਈ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਮੁੜ ਸਾਂਝੀ ਕੀਤੀ ਜਾ ਰਹੀ ਹੈ।