ਭਾਈ ਵਰਿਆਮ ਸਿੰਘ

ਸਿੱਖ ਖਬਰਾਂ

ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨੂੰ ਭਾਰਤੀ ਗ੍ਰਹਿ ਮੰਤਰਾਲੇ ਨੇ ਰਿਹਾਅ ਕਰਨ ਦੇ ਦਿੱਤੇ ਹੁਕਮ

By ਸਿੱਖ ਸਿਆਸਤ ਬਿਊਰੋ

October 13, 2015

ਨਵੀਂ ਦਿੱਲੀ (12 ਅਕਤੂਬਰ, 2015): ਪਿਛਲੇ 25 ਸਾਲਾਂ ਤੋਂ ਯੂਪੀ ਦੀ ਬਰੇਲੀ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨੂੰ ਭਾਰਤੀ ਘਰੇਲੂ ਮੰਤਰਾਲੇ ਨੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ।

ਭਾਈ ਵਰਿਆਮ ਸਿੰਘ ਮੌਜੂਦਾ ਸਮੇਂ ਉੱਤਰ ਪ੍ਰਦੇਸ਼ ਦੀ ਬਰੇਲੀ ਜੇਲ੍ਹ ‘ਚ ਬੰਦ ਹਨ। ਅਧਿਕਾਰਤ ਸੂਤਰਾਂ ਨੇ ਅੱਜ ਰਾਤ ਦੱਸਿਆ ਕਿ ਭਾਈ ਵਰਿਆਮ ਸਿੰਘ ਨੂੰ ਰਿਹਾਅ ਕੀਤੇ ਜਾਣ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੇ ਵਧੀਆ ਵਿਵਹਾਰ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕਰੀਬ 25 ਸਾਲ ਦੀ ਸਜ਼ਾ ਭੁਗਤ ਚੁੱਕੇ ਜਾਣ ਦਾ ਹਵਾਲਾ ਦਿੱਤਾ ਹੈ।

ਸੂਤਰਾਂ ਨੇ ਕਿਹਾ ਕਿ ਭਾਈ ਵਰਿਆਮ ਸਿੰਘ 1990 ‘ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਤੱਕ ਇਕ ਵਾਰ ਵੀ ਪੈਰੋਲ ‘ਤੇ ਬਾਹਰ ਨਹੀਂ ਆਏ ਅਤੇ ਜੇਲ੍ਹ ‘ਚ ਉਨ੍ਹਾਂ ਦਾ ਵਿਵਹਾਰ ਬਹੁਤ ਵਧੀਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਰਿਹਾਈ ਦਾ ਪ੍ਰਸਤਾਵ ਇਹ ਕਹਿੰਦਿਆ ਅੱਗੇ ਵਧਾਇਆ ਸੀ ਕਿ ਭਾਈ ਵਰਿਆਮ ਸਿੰਘ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਉਮਰ ਵੀ 70 ਸਾਲ ਹੋ ਚੁੱਕੀ ਹੈ। ਭਾਈ ਵਰਿਆਮ ਸਿੰਘ ਉਨ੍ਹਾਂ 13 ਸਿੱਖ ਕੈਦੀਆਂ ‘ਚੋਂ ਇਕ ਹਨ ਜਿੰਨ੍ਹਾਂ ਦੀ ਸਜ਼ਾ ਮੁਆਫੀ ਅਤੇ ਰਿਹਾਈ ਦੀ ਮੰਗ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਰਦੀ ਰਹੀ ਹੈ।

ਸਿੱਖ ਹਿੱਤਾਂ ਲਈ ਕੰਮ ਕਰਨ ਵਾਲੇ ਲੁਧਿਆਣਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਭਾਈ ਵਰਿਆਮ ਸਿੰਘ ਦੀ ਰਿਹਾਈ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ “ਜਿਵੇਂ ਅਸੀਂ ਕਿਹਾ ਸੀ ਕਿ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਵਿੱਚ ਕੋੲ ਿਅੜਚਣ ਨਹੀਂ।ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦਾ ਸਿੱਧਾ ਸਬੰਧ ਕੇਂਦਰ ਅਤੇ ਸੂਬਾ ਸਰਕਾਰ ਦੀ ਰਾਜਸੀ ਇੱਛਾ ‘ਤੇ ਨਿਰਭਰ ਕਰਦਾ ਹੈ”।

ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਸਿੱਖ ਜੱਥੇਬੰਦੀਆਂ ਕਰ ਰਹੀਆਂ ਹਨ, ਉਨ੍ਹਾਂ ਵਿੱਚੋਂ ਬਾਦਲ ਸਰਕਾਰ ਬਹੁਤੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰ ਸਕਦੀ ਹੈ।ਪਰ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਸੁਖਬੀਰ ਬਾਦਲ ਵਿੱਚ ਇਸ ਮਾਮਲੇ ‘ਤੇ ਰਾਜਸੀ ਇੱਛਾ ਸ਼ਕਤੀ ਦੀ ਘਾਟ ਹੈ ਜਾਂ ਉਨ੍ਹਾਂ ਵਿੱਚ ਇਹ ਕਰਨ ਦੀ ਹਿੰਮਤ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: