ਕਪਤਾਨ ਸਿੰਘ ਸੋਲੰਕੀ ਜੋ ਕਿ 2009 ਤੋਂ ਰਾਜ ਸਭਾ ਦੇ ਮੈਬਰ ਚਲੇ ਆ ਰਹੇ ਹਨ, ਨੂੰ ਹਰਿਆਣਾ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਹਰਿਆਣਾ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਗੁਰਦੁਆਰਾ ਕਮੇਟੀ ਬਣਾਉਣ ਬਾਰੇ ਸਪੱਸ਼ਟੀਕਰਨ ਮੰਗਣਗੇ।
ਸ੍ਰੀ ਸੋਲੰਕੀ ਨੇ ਕਿਹਾ ਕਿ ਬੇਸ਼ੱਕ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ, ਪ੍ਰੰਤੂ ਉਹ ਸੂਬਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਐਕਟ, ਜਿਸ ਨੂੰ ਕਿ ਸਾਬਕਾ ਰਾਜਪਾਲ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ, ਨੂੰ ਰੱਦ ਕਰਨ ਲਈ ਕੇਂਦਰ ਵੱਲੋਂ ਦਿੱਤੇ ਗਏ ਨਿਰਦੇਸ਼ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ‘ਤੇ ਵਿਚਾਰ ਕਰਨਗੇ।
ਉਨ੍ਹਾਂ ਕਿਹਾ ‘ਜੇ ਕਰ ਕੇਂਦਰ ਸਰਕਾਰ ਕੋਈ ਗੱਲ ਕਹਿੰਦੀ ਹੈ ਤਾਂ ਮੇਰੇ ਨਿੱਜੀ ਵਿਚਾਰ ਅਨੁਸਾਰ ਉਸ ਦੀ ਪਾਲਣਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਜੇਕਰ ਮਾਮਲਾ ਉਨ੍ਹਾਂ ਸਾਹਮਣੇ ਆਇਆ ਤਾਂ ਸੰਵਿਧਾਨ ਅਨੁਸਾਰ ਸਾਰੇ ਪਹਿਲੂਆਂ ‘ਤੇ ਵਿਚਾਰ ਕਰਨਗੇ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਉਣਗੇ ਕਿ ਇਸ ਮਾਮਲੇ ‘ਚ ਕੋਈ ਰਾਜਨੀਤਕ ਦਖਲ ਨਾ ਆਵੇ।
ਇਸ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਹੇ ਬੁੱਧੀਜੀਵੀ ਵਰਗ ਦਾ ਮੰਨਣਾ ਹੈ ਕਿ ਕਪਤਾਨ ਸਿੰਘ ਸੋਲੰਕੀ ਵੱਲੋਂ ਹਰਿਆਣਾ ਕਮੇਟੀ ਦੇ ਮਸਲੇ ‘ਤੇ ਕੇਂਦਰ ਸਰਕਾਰ ਤੋਂ ਰਾਸ਼ਟਰਪਤੀ ਦੀ ਸਲਾਹ ਬਾਰੇ ਪੁੱਛਣ ਦੀ ਸੰਭਾਵਨਾ ਹੈ, ਜੇ ਉਹ ਸਮਝੇ ਕਿ ਹਰਿਆਣਾ ਸਰਕਾਰ ਵੱਲੋਂ ਪਾਸ ਬਿੱਲ ਸੰਵਿਧਾਨ ਦੇੁ ਅਨੁਸਾਰ ਨਹੀਂ ਤਾਂ ਇਸ ਵੱਧ ਰਹੇ ਵਿਵਾਦ ਨੂੰ ਨਵਾਂ ਮੋੜ ਦੇ ਸਕਦਾ ਹੈ।
ਰਾਸ਼ਟਰਪਤੀ ਫਿਰ ਇਸਨੂੰ ਸੁਪਰੀਮ ਕੋਰਟ ਕੋਲ ਇਸ ਮਾਮਲੇ ‘ਤੇ ਸਲਾਹ ਲੈਣ ਲਈ ਭੇਜ ਸਕਦਾ ਹੈ।
ਜੇਕਰ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚਲਾ ਜਾਂਦਾ ਹੈ ਤਾ ਹਰਿਆਣਾ ਸਰਕਾਰ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਅੱਗੇ ਕੁੱਝ ਨਹੀਂ ਕਰ ਸਕਦੀ।