ਚੰਡੀਗੜ੍ਹ: ਪੰਜਾਬੀ ਫਿਲਮਾਂ ਦੇ ਅਦਾਕਾਰ ਰਾਜ ਕਾਕੜਾ ਨੇ ਦੱਸਿਆ ਕਿ ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ਵਿੱਚ ਰਿਲੀਜ਼ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕਾਕੜਾ ਵੱਲੋਂ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ, ਜੋ ਕੈਨੇਡਾ ਦੇ ਵੈਨਕੂਵਰ ਵਿੱਚ ਰਹਿੰਦੇ ਹਨ ਅਤੇ ਨਿਰਦੇਸ਼ਕ ਨਰੇਸ਼ ਐਸ. ਗਰਗ ਹਨ। ਇਹ ਫ਼ਿਲਮ ਭਾਰਤ ਨੂੰ ਛੱਡ ਕੇ ਪੂਰੀ ਦੁਨੀਆਂ ਵਿੱਚ 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
ਸੈਂਸਰ ਬੋਰਡ ਵੱਲੋਂ ਫਿਲਮ ’ਤੇ ਪਾਬੰਦੀ ਲਗਾਉਣ ’ਤੇ ਟਿੱਪਣੀ ਕਰਦਿਆਂ ਮੁੱਖ ਅਦਾਕਾਰ ਰਾਜ ਕਾਕੜਾ ਨੇ ਕਿਹਾ ਹੈ ਕਿ ਫ਼ਿਲਮ ’ਤੇ ਪਾਬੰਦੀ ਲਗਾਉਣ ਬੇਹੱਦ ਗਲਤ ਹੈ। ਕਲਾ ਦੇ ਮਾਧਿਆਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜੁਰਮ ਨਹੀਂ ਹੈ ਅਤੇ ਉਨ੍ਹਾਂ ਨੇ ਪੰਜਾਬ ਤੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਇਕ ਦਸਤਾਵੇਜ਼ ਵਜੋਂ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਫ਼ਿਲਮ ’ਤੇ ਪਾਬੰਦੀ ਲਗਾਉਣ ਨਾਲ ਇਤਿਹਾਸ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਸਾਰੇ ਪੰਜਾਬੀਆਂ ਨੂੰ ਇਤਿਹਾਸ ਦੇ ਉਸ ਦੌਰ ਨਾਲ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੂੰ ਆਪਣੇ ਫੈਸਲੇ ’ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਨੇ ਕਿਹਾ ਹੈ ਕਿ ਭਾਰਤ ਵਿੱਚ ਲਗਾਤਾਰ ਸਿੱਖ ਕੌਮ ਨਾਲ ਜੁੜੀਆਂ ਫ਼ਿਲਮਾਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਿਸੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ ਸਗੋਂ ਹਰ ਵਿਅਕਤੀ ਨੂੰ ਉਸ ਸਮੇਂ ਦੇ ਤੱਥਾਂ ਤੇ ਘਟਨਾਵਾਂ ਤੋਂ ਜਾਣੂ ਕਰਵਾਉਂਦੀ ਹੈ। ਬਾਠ ਨੇ ਕਿਹਾ ਕਿ ਉਹ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਵੀ ਕਰਨਗੇ।