ਅੰਮ੍ਰਿਤਸਰ ( 25 ਮਾਰਚ, 2015): ਦਿੱਲੀ ਸਿੱਖ ਕਤਲੇਆਮ ਮਾਮਲੇ ਵਿੱਚ ਸੀਬੀਆਈ ਵੱਲੋਂ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਨੂੰ ਮੰਦਭਾਗਾ ਤੇ ਸਮੁੱਚੇ ਸਿੱਖ ਭਾਈਚਾਰੇ ਲਈ ਨਿਰਾਸ਼ਾਜਨਕ ਦੱਸਦਿਆ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਨੇਕਿਹਾ ਕਿ ਸੀ. ਬੀ. ਆਈ. ਦਾ ਇਹ ਇਕਤਰਫਾ ਫੈਸਲਾ ਹੈ ।
ਉਨ੍ਹਾਂ ਸੀਬੀਆਈ ‘ਤੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਹ ਦੋਸ਼ੀ ਨਹੀਂ ਤਾਂ ਇਕੱਲੀ ਦਿੱਲੀ ‘ਚ ਤਕਰੀਬਨ 4 ਹਜ਼ਾਰ ਸਿੱਖ ਮਾਰੇ ਗਏ ਸਨ ਉਨ੍ਹਾਂ ਦਾ ਕਾਤਲ ਕੋਣ ਹੈ ਤੇ ਅੱਜ ਤੱਕ ਕਿੰਨਿਆਂ ਨੂੰ ਫਾਂਸੀ ਦਿੱਤੀ ਗਈ ਹੈ ਅਤੇ ਕਿੰਨੀਆ ਸਜ਼ਾਵਾਂ ਹੋਈਆਂ ਹਨ?
ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਮਾਮਲੇ ‘ਤੇ ਰੀਪੋਰਟਾਂ ‘ਚ ਤਿੰਨ ਪ੍ਰਮੁੱਖ ਆਗੂਆਂ ਦੇ ਨਾਮ ਹਨ ਜਿਨ੍ਹਾਂ ‘ਚੋਂ ਇਕ ਟਾਈਟਲਰ ਦਾ ਵੀ ਹੈ। 1984 ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 31 ਅਕਤੂਬਰ, 1984 ਨੂੰ ਕਤਲ ਤੋਂ ਬਾਅਦ ਭੜਕੀ ਭੀੜ ਨੇ 3000 ਸਿੱਖਾਂ ਦਾ ਕਤਲੇਆਮ ਕੀਤਾ ਸੀ। ਕਈ ਗਵਾਹਾਂ ਦਾ ਕਹਿਣਾ ਹੈ ਕਿ ਜਗਦੀਸ਼ ਟਾਈਟਲਰ ਨੇ ਲੋਕਾਂ ਨੂੰ ਸਿੱਖਾਂ ਦਾ ਕਤਲ ਕਰਨ ਲਈ ਭੜਕਾਇਆ ਸੀ।