ਸਿੱਖ ਖਬਰਾਂ

ਚਿੰਤਾ ਦਾ ਵਿਸ਼ਾ: “ਚਾਰ ਸਾਹਿਬਜ਼ਾਦੇ” ਸਿਰਲੇਖ ਬਣਿਆਂ ਵਪਾਰਿਕ ਮਾਰਕਾ

By ਸਿੱਖ ਸਿਆਸਤ ਬਿਊਰੋ

December 23, 2014

ਚੰਡੀਗੜ੍ਹ ( 22 ਦਸੰਬਰ, 2014): ਪਿੱਛੇ ਜਿਹੇ ਰਿਲੀਜ਼ ਹੋਈ ਐਨੀਮੇਸ਼ਨ ਫਿਲਮ “ਚਾਰ ਸਾਹਿਬਜ਼ਾਦੇ” ਨੂੰ ਸਿੱਖ ਜਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਪਰ ਜਿਵੇਂ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਵੱਲੋਂ ਇਸ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਿੱਖ ਸਿਆਸਤ ਵੱਲੋਂ ਕਰਵਾਈ ਵਿਚਾਰ ਚਰਚਾ ਵਿੱਚ ਉਨ੍ਹਾਂ ਨੇ ਇਸਦੇ ਵਪਾਰੀਕਰਨ ਨੂੰ ਲੈਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਸੀ।ਉਨ੍ਹਾਂ ਵੱਲੋਂ ਪ੍ਰਗਟਾਏ ਤੌਖਲੇ ਬਹੁਤ ਜਲਦੀ ਸਹੀ ਸਾਬਤ ਹੁੰਦੇ ਜਾ ਰਹੇ ਹਨ।

ਸ੍ਰ. ਅਜਮੇਰ ਸਿੰਘ ਨੇ ਪੂਰੀ ਸਪੱਸ਼ਟਤਾ ਨਾਲ ਦੱਸਿਆ ਸੀ ਕਿ ਸਿੱਖ ਧਰਮ ਅਤੇ ਸਿੱਖ ਰਵਾਇਤਾਂ ਅਨੁਸਾਰ ਸਿੱਖ ਗੁਰੂਆਂ ਨੂੰ ਫੋਟੋਆਂ, ਫਿਲਮਾਂ ਅਤੇ ਨਾਟਕਾਂ ਵਿੱਚ ਕਿਸੇ ਵੀ ਤਰਾਂ ਪੇਸ਼ ਕਰਨ ਦੀ ਸਖਤ ਮਨਾਹੀ ਹੈ ਅਤੇ ਇਸ ਮਨਾਹੀ ਦਾ ਕਾਰਣ ਇਹ ਹੈ ਕਿ ਰੂਹਾਨੀਅਤ ਸਿਖਰ ਨੂੰ ਫਿਲਮੀ ਪਰਦੇ ਜਾਂ ਕੈਨਵਸ ‘ਤੇ ਨਹੀਂ ਉਤਾਰ ਸਕਦੇ।

ਸ੍ਰ. ਅਜਮੇਰ ਸਿੰਘ ਵੱਲੋਂ ਇਹ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਇਹ ਸ਼ੁਰੂ ਹੋਇਆ ਸਿਲਸਲਾ ਧਰਮ ਦੇ, ਰੂਹਾਨੀਅਤ ਦੇ ਵਾਪਾਰੀਕਰਨ ਵੱਲ ਰਾਹ ਖੋਲੇਗਾ।ਉਨ੍ਹਾਂ ਵੱਲੋਂ ਪ੍ਰਗਾਟਇਆ ਗਏ ਸ਼ੱਕ, ਉਦੋਂ ਸਹੀ ਸਾਬਤ ਹੋਣੇ ਸ਼ੁਰੂ ਹੋ ਗਏ ਜਦ “ਚਾਰ ਸਾਹਿਬਜ਼ਾਦੇ” ਫਿਲਮ ਵਪਾਰਿਕ ਮਾਰਕਾ ਬਨਣਾ ਸ਼ੁਰੂ ਹੋ ਗਈ।

ਹੋਰ ਮਸ਼ਹੂਰ ਫਿਲਮਾਂ ਜਿਵੇਂ ਆਰ. ਏ. ਵੰਨ, ਕਰਿਸ਼ 3 ਦੀਆਂ ਲੀਹਾਂ ‘ਤੇ ਚੱਲਦਿਆਂ ਫਿਲਮ “ਚਾਰ ਸਾਹਿਬਜ਼ਾਦੇ” ਦੇ ਨਿਰਮਾਤਾ ਹੈਰੀ ਬਵੇਜ਼ਾ ਨੇ ਸਨੈਪਡੀਲ ਡੌਟ ਕਾਮ ਨਾਲ “ਚਾਰ ਸਾਹਿਬਜ਼ਾਦੇ” ਮਾਰਕਾ ਨਾਲ ਵਸਤੂਆਂ ਵੇਚਣ ਦੀ ਸੰਧੀ ਕੀਤੀ ਹੈ।

ਸਨੈਪਡੀਲ ਡੌਟ ਕਾਮ ਵੱਲੋਂ ਪਾਣੀ ਦੀਆਂ ਬੋਤਲਾਂ, ਕੱਪ, ਮੱਗ, ਚਾਬੀਆਂ ਦੇ ਛੱਲੇ, ਕਿਰਪਾਨਾਂ ਅਤੇ ਹੋਰ ਸਾਜ਼ੋ ਸਮਾਨ  “ਚਾਰ ਸਾਹਿਬਜ਼ਾਦੇ” ਮਾਰਕਾ ਦੇ ਨਾਮ ‘ਤੇ ਵੇਚੇ ਜਾ ਰਹੇ ਹਨ।

ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਫਿਲਮ “ਚਾਰ ਸਾਹਿਬਜ਼ਾਦ” ਨੇ ਨਾ ਸਿਰਫ ਸਾਹਿਬਜ਼ਾਦਿਆਂ ਦੀ ਰੂਹਾਨੀ ਅਜਮਤ ਨੂੰ ਖੋਰਾ ਲਾਇਆ ਹੈ, ਸਗੋਂ ਇਸਨੇ ਰੂਹਾਨੀ ਵਿਰਾਸਤ ਨੂੰ ਵਪਾਰਕ ਹਿਤਾਂ ਲਈ ਵਰਤੋਂ ਕਰਨ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: