ਕੌਮਾਂਤਰੀ ਖਬਰਾਂ

ਕੈਟੇਲੋਨੀਆ: ਰਾਏਸ਼ੁਮਾਰੀ: ਸਪੇਨ ਦੀ ਅਦਾਲਤ ਵਲੋਂ ਪੁਲਿਸ ਮੁਖੀ ਖਿਲਾਫ ‘ਦੇਸ਼ਧ੍ਰੋਹ’ ਦੀ ਜਾਂਚ ਦੇ ਹੁਕਮ

By ਸਿੱਖ ਸਿਆਸਤ ਬਿਊਰੋ

October 05, 2017

ਬਾਰਸੀਲੋਨਾ: ਸਪੇਨ ਵਿੱਚ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ।

ਰਾਜਾ ਫੇਲਿਪ ਛੇਵੇਂ ਨੇ ਆਜ਼ਾਦੀ ਪੱਖੀ ਲਹਿਰ ਨੂੰ ਗ਼ੈਰ ਕਾਨੂੰਨੀ ਤੇ ਗ਼ੈਰ ਜਮਹੂਰੀ ਦੱਸਿਆ ਅਤੇ ਸਿੱਧੇ ਤੌਰ ’ਤੇ ਸਪੇਨ ਦੀ ਸਰਕਾਰ ਨਾਲ ਖੜ੍ਹ ਗਏ। ਦੂਜੇ ਪਾਸੇ ਕੈਟੇਲੋਨ ਆਗੂ ਕਾਰਲਸ ਪੁਦਜ਼ੁਮੌਨ ਨੇ ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਕੈਟੇਲਨ ਸਰਕਾਰ ਇਸ ਹਫ਼ਤੇ ਦੇ ਅੰਤ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਆਜ਼ਾਦੀ ਦਾ ਐਲਾਨ ਕਰੇਗੀ। ਕੈਟੇਲੋਨ ਸਰਕਾਰ ਦੇ ਤਰਜਮਾਨ ਜੋਰਡੀ ਟੁਰੁਲ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਨੇ ਵੋਟਾਂ ਦੀ ਗਿਣਤੀ ਤਕਰੀਬਨ ਮੁਕੰਮਲ ਕਰ ਲਈ ਹੈ। ਇਸ ਦੇ ਨਤੀਜੇ ਖੇਤਰੀ ਸੰਸਦ ਵਿੱਚ ਦਾਖ਼ਲ ਕੀਤੇ ਜਾਣਗੇ ਅਤੇ ਸੰਸਦ ਦੋ ਦਿਨਾਂ ਵਿੱਚ ਕੈਟੇਲੋਨੀਆ ਦੀ ਆਜ਼ਾਦੀ ਦਾ ਐਲਾਨ ਕਰੇਗੀ।

ਇਸ ਤੋਂ ਪਹਿਲਾਂ ਰਾਜਾ ਫੇਲਿਪ ਨੇ ਕੈਟੇਲੋਨ ਆਗੂਆਂ ਉਤੇ ਦੇਸ਼ ਦੀ ਸਥਿਰਤਾ ਲਈ ਖ਼ਤਰਾ ਖੜ੍ਹਾ ਕਰਨ ਦਾ ਦੋਸ਼ ਲਾਇਆ ਅਤੇ ਸਰਕਾਰ ਨੂੰ ਸੰਵਿਧਾਨ ਦੀ ਰਾਖੀ ਦੀ ਅਪੀਲ ਕੀਤੀ। ਰਾਜਾ ਦਾ ਇਹ ਬਿਆਨ ਐਤਵਾਰ ਨੂੰ ਇਸ ਖਿੱਤੇ ਲਈ ਆਜ਼ਾਦੀ ਬਾਰੇ ਰਾਏਸ਼ੁਮਾਰੀ ਉਤੇ ਪਾਬੰਦੀ ਦੌਰਾਨ ਪੁਲਿਸ ਵੱਲੋਂ ਵੋਟਰਾਂ ਖ਼ਿਲਾਫ਼ ਹਿੰਸਾ ਵਰਤਣ ਮਗਰੋਂ ਆਇਆ। ਕੈਟੇਲਨ ਆਗੂਆਂ ਨੇ ਕੌਮੀ ਸਰਕਾਰ ਦੇ ਵਿਰੋਧ ਵਿੱਚ ਆਪ ਚੋਣਾਂ ਦਾ ਪ੍ਰਬੰਧ ਕੀਤਾ, ਜਿਸ ਨੂੰ ਸਰਕਾਰ ਤੇ ਰਾਜਾ ਫੇਲਿਪ ਨੇ ਗ਼ੈਰ ਕਾਨੂੰਨੀ ਦੱਸਿਆ।

ਰਾਜਾ ਫੇਲਿਪ ਨੇ ਕੈਟੇਲੋਨ ਲੀਡਰਸ਼ਿਪ ਨੂੰ ਕਿਹਾ ਕਿ “ਉਨ੍ਹਾਂ ਦਾ ਗ਼ੈਰ ਜ਼ਿੰਮੇਵਾਰੀ ਵਾਲਾ ਵਿਹਾਰ ਕੈਟੇਲੋਨੀਆ ਅਤੇ ਸਾਰੇ ਸਪੇਨ ਦੀ ਆਰਥਿਕ ਤੇ ਸਮਾਜਿਕ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।”

ਸਪੇਨ ਦੇ ਇਕ ਜੱਜ ਨੇ ਕੈਟੇਲੋਨੀਆ ਦੇ ਪੁਲਿਸ ਮੁਖੀ ਖ਼ਿਲਾਫ਼ ‘ਦੇਸ਼ਧ੍ਰੋਹ’ ਦੀ ਜਾਂਚ ਦਾ ਹੁਕਮ ਦਿੱਤਾ। ਮੈਡਰਿਡ ਦੀ ‘ਨੈਸ਼ਨਲ ਕੋਰਟ’ ਨੇ ਜੋਜ਼ੇਫ਼ ਲੂਈਸ ਟਰੈਪੇਰੋ ਅਤੇ ਤਿੰਨ ਹੋਰਾਂ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ। ਇਨ੍ਹਾਂ ਉਤੇ ਆਜ਼ਾਦੀ ਪੱਖੀ ਲਹਿਰ ਦੇ ਦਮਨ ਲਈ ਕੌਮੀ ਸੁਰੱਖਿਆ ਬਲਾਂ ਵੱਲੋਂ ਖੇਤਰੀ ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਮਗਰੋਂ ਬਾਰਸੀਲੋਨਾ ਵਿੱਚ ਪੈਦਾ ਹੋਏ ਤਣਾਅ ਦਾ ਦੋਸ਼ ਲਾਇਆ ਗਿਆ ਹੈ।

ਸਬੰਧਤ ਖ਼ਬਰ: ਕੈਟੇਲੋਨੀਆ ‘ਚ ਰਾਏਸ਼ੁਮਾਰੀ: ਹਿੰਸਾ ਦੀਆਂ ਖ਼ਬਰਾਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: