ਪੰਜਾਬ ਵਿਚ ਨਸ਼ੇ ਦੀ ਸਮੱਸਿਆ 'ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਆਮ ਖਬਰਾਂ

ਫਿਲਮ ‘ਉੜਤਾ ਪੰਜਾਬ’ ਉੱਤੇ ਕੈਂਚੀ ਚੱਲਣ ਦੇ ਆਸਾਰ; ਮਾਮਲਾ ਭਖਿਆ

By ਸਿੱਖ ਸਿਆਸਤ ਬਿਊਰੋ

June 08, 2016

ਮੁੰਬਈ: ਫਿਲਮ ‘ਉੜਤਾ ਪੰਜਾਬ’ ਉਤੇ ਕੈਂਚੀ ਚੱਲਣ ਦੇ ਆਸਾਰ ਤੋਂ ਖਿਝੇ ਫਿਲਮਸਾਜ਼ ਕਰਨ ਜੌਹਰ, ਮਹੇਸ਼ ਭੱਟ, ਰਾਮ ਗੋਪਾਲ ਵਰਮਾ ਸਮੇਤ ਹੋਰਾਂ ਨੇ ਅੱਜ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ ਕਰੜੇ ਹੱਥੀਂ ਲਿਆ ਹੈ। ਇਸ ਫਿਲਮ ਵਿੱਚ ਸੂਬੇ ਦੇ ਉੱਤਰੀ ਹਿੱਸੇ ਵਿੱਚ ਨਸ਼ਿਆਂ ਦੇ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ।

ਕਰਨ ਜੌਹਰ ਨੇ ਟਵੀਟ ਕੀਤਾ, ‘ਉੜਤਾ ਪੰਜਾਬ ’ਚ ਸਾਡੇ ਸਮੇਂ ਦੇ ਸੱਚ ਨੂੰ ਬਿਆਨ ਕੀਤਾ ਗਿਆ ਹੈ। ਸੱਚ ’ਤੇ ਕੈਂਚੀ ਚਲਾਉਣ ਦਾ ਮਤਲਬ ਇਸ ਦਾ ਪ੍ਰਭਾਵ ਘਟਾਉਣਾ ਹੈ। ਜੋ ਸਹੀ ਹੈ ਫਿਲਮ ਭਾਈਚਾਰੇ ਨੂੰ ਉਸ ਲਈ ਖੜ੍ਹਨਾ ਚਾਹੀਦਾ ਹੈ।’ ਸੈਂਸਰ ਬੋਰਡ ਵੱਲੋਂ ਫਿਲਮ ਵਿੱਚ ਪੰਜਾਬ ਦੇ ਜ਼ਿਕਰ ਬਾਰੇ ਇਤਰਾਜ਼ ਉਠਾਏ ਜਾਣ ਬਾਅਦ ਫਿਲਮ ਇੰਡਸਟਰੀ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ।

ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਖਾਨ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫਿਲਮ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਸੁਧੀਰ ਮਿਸ਼ਰਾ ਨੇ ਟਵੀਟ ਕੀਤਾ, ‘ਕੋਈ ਫਿਲਮ ਸੈਂਸਰ ਨਹੀਂ ਹੋਣੀ ਚਾਹੀਦੀ। ਕੇਵਲ ਸਰਟੀਫਿਕੇਟ ਦਿੱਤਾ ਜਾਵੇ ਕਿਉਂਕਿ ਫਿਲਮ ਨਿਰਮਾਣ ’ਤੇ ਬਹੁਤ ਖੂਨ-ਪਸੀਨਾ ਵਹਾਉਣਾ ਪੈਂਦਾ ਹੈ।’ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਆਲੀਆ ਭੱਟ ਦੇ ਫਿਲਮਸਾਜ਼ ਪਿਤਾ ਮਹੇਸ਼ ਭੱਟ ਨੇ ਕਿਹਾ, ‘ਸੈਂਸਰਸ਼ਿਪ ਡਰ ਦਾ ਬੱਚਾ ਹੈ ਅਤੇ ਅਗਿਆਨਤਾ ਦਾ ਪਿਤਾ ਹੈ। ਕੀ ਪਹਿਲਾਜ ਨਹਿਲਾਨੀ ਸੁਣ ਰਿਹਾ ਹੈ?’

ਫਿਲਮਸਾਜ਼ ਹੰਸਲ ਮਹਿਤਾ, ਜਿਸ ਨੂੰ ਆਪਣੀ ਫਿਲਮ ‘ਅਲੀਗੜ੍ਹ’ ਲਈ ਬੋਰਡ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਨੇ ਕਿਹਾ, ‘ਅਗਿਆਨਤਾ ਦੇ ਪਸਾਰ ਲਈ ਮੈਂ ਆਪਣੇ ਆਪ ਨੂੰ ਸੈਂਸਰ ਕਿਉਂ ਕਰਾਂ। ਉੜਤਾ ਪੰਜਾਬ ਬਾਰੇ ਮੈਂ ਇਹ ਕੀ ਸੁਣ ਰਿਹਾ ਹਾਂ? ਇਸ ਨੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਦਿਵਾਇਆ ਹੈ। ਕੀ ਸੱਚ ਸੂਬੇ ਦੇ ਮੱਥੇ ’ਤੇ ਕਲੰਕ ਲਾਉਂਦਾ ਹੈ?’

ਅਦਾਕਾਰ ਰਣਵੀਰ ਸ਼ੌਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਸ੍ਰੀਮਾਨ ਮੋਦੀ, ਕ੍ਰਿਪਾ ਕਰਕੇ ਫਿਲਮ ਭਾਈਚਾਰੇ ਦੀ ਸੀਬੀਐਫਸੀ ਹੱਥੋਂ ਬਲੈਕਮੇਲਿੰਗ ਤੁਰੰਤ ਬੰਦ ਕੀਤੀ ਜਾਵੇ। ਫਿਲਮਾਂ ਭਾਰਤ ਦੀਆਂ ਸਮੱਸਿਆਵਾਂ ਦਾ ਕਾਰਨ ਨਹੀਂ ਹਨ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: