ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਫ਼ੌਜੀ ਐਲਾਨਣ ਦੇ ਬਿਆਨ ਦੀ ਪ੍ਰੋਡ਼ਤਾ ਕਰਦਿਆਂ ਕਿਹਾ ਕਿ ਕੈਪਟਨ ਅਕਸਰ ਹੀ ਅਪਣੀ ਇੰਟਰਵਿਊ ਦੌਰਾਨ ਜਾਂ ਫਿਰ ਪ੍ਰੈੱਸ ਬਿਆਨ ਰਾਹੀਂ ਆਪਣੇ ਦਿਲ ਵਿੱਚ ਆਪਣੀ ਹੀ ਹਾਈਕਮਾਂਡ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਦੌਰਾਨ ਕੈਪਟਨ ਦੀ ਅਜਿਹੀ ਕਾਰਵਾਈ, ਜਿਸ ਵਿੱਚ ਉਹ ਸਪੱਸ਼ਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੰਮ ਕਰਨਾ ਆਉਂਦਾ ਹੈ, ਕਿਸੇ ਦੇ ਦਖ਼ਲ ਦੀ ਜ਼ਰੂਰਤ ਨਹੀਂ, ਪ੍ਰਧਾਨ ਮੰਤਰੀ ਦੇ ਬਿਆਨ ਦੀ ਪ੍ਰੋਡ਼ਤਾ ਕਰਦੀ ਹੈ।
ਸਾਂਪਲਾ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਕਾਂਗਰਸ ਹਾਈਕਮਾਂਡ ਦਰਮਿਆਨ ਇੱਕਸੁਰਤਾ ਦੀ ਘਾਟ ਦਾ ਸਪੱਸ਼ਟ ਸਬੂਤ ਇਹ ਵੀ ਹੈ ਕਿ ਮੁੱਖ ਮੰਤਰੀ ਵੱਲੋਂ 4 ਮਾਰਚ ਨੂੰ ਆਪਣੀ ਵਜ਼ਾਰਤ ਦੇ ਕੀਤੇ ਜਾਣ ਵਾਲੇ ਵਾਧੇ ਦੇ ਐਲਾਨ ਨੂੰ ਹਾਈਕਮਾਂਡ ਨੇ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਮੋਦੀ ਨੇ ਇਹ ਕਬੂਲ ਕੀਤਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਿੱਚ ਆਜ਼ਾਦ ਅਤੇ ਜਮਹੂਰੀ ਸੱਭਿਆਚਾਰ ਕਾਇਮ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਅਧੀਨ ਭਾਰਤੀ ਜਨਤਾ ਪਾਰਟੀ ਵਿੱਚ ਫੈਲੇ ਉਸ ਤਾਨਾਸ਼ਾਹੀ ਸੱਭਿਆਚਾਰ ਦੇ ਬਿਲਕੁਲ ਉਲਟ ਹੈ ਜਿਸ ਤਹਿਤ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ ਅਤੇ ਸ਼ਤਰੂਗਨ ਸਿਨਹਾ ਵਰਗੇ ਨੂੰ ਜਾਂ ਤਾਂ ਖਾਮੋਸ਼ ਕਰ ਦਿੱਤਾ ਗਿਆ ਜਾਂ ਮਾਰਗਦਰਸ਼ਕ ਮੰਡਲ ਵਿੱਚ ਧੱਕ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸਬੰਧੀ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ਼ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਸ੍ਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਪੰਜਾਬ ਦੇ ਅਸਲ ਸ਼ੁਭਚਿੰਤਕ ਹਨ ਤਾਂ ਉਨ੍ਹਾਂ ਨੂੰ ਉਸ 31000 ਕਰੋੜ ਰੁਪਏ ਦੀ ਅਦਾਇਗੀ ਕਰਨੀ ਚਾਹੀਦੀ ਹੈ ਜੋ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਨੇ ਕੇਂਦਰ ਦੇ ਖਾਤੇ ਵਿੱਚ ਪਾ ਦਿੱਤੇ ਸਨ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਸ਼ਰ੍ਹੇਆਮ ਨਜ਼ਰਅੰਦਾਜ ਕੀਤਾ ਗਿਆ।