ਵੈਨਕੂਵਰ/ਕੈਨੇਡਾ (14 ਮਾਰਚ, 2011): ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ (ਮੂਲ- 2003) ਅਨੁਸਾਰ 543ਵੇਂ ਨਵੇਂ ਵਰ੍ਹੇ ਨੂੰ ਵੱਖ-ਵੱਖ ਗੁਰਦੁਆਰਿਆਂ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ‘ਜੀ ਆਇਆਂ ਨੂੰ’ ਕਿਹਾ ਅਤੇ ਮੁਬਾਰਕਬਾਦ ਦੀ ਸਾਂਝ ਪਾਈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਸਿੰਘ ਸਭਾ ਸਰੀ, ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਅਤੇ ਐਲਬਰਟਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਐਡਮਿੰਟਨ ਸਮੇਤ ਵਿਕਟੋਰੀਆ, ਔਲੀਵਰ, ਕਲੋਨਾ ਅਤੇ ਪ੍ਰਿੰਸ ਜਾਰਜ ਦੀਆਂ ਸੰਗਤਾਂ ਨੇ ਨਵੇਂ ਵਰ੍ਹੇ ਦੇ ਮੌਕੇ ’ਤੇ ਧਾਰਮਿਕ ਸਮਾਗਮਾਂ ’ਚ ਵਧ ਚੜ੍ਹ ਕੇ ਹਾਜ਼ਰੀ ਲੁਆਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਨ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ। ਇਸ ਮੌਕੇ ’ਤੇ ਚੇਤ ਦੇ ਮਹੀਨੇ ਦੀ ਅਰੰਭਤਾ ’ਤੇ ਪ੍ਰਚਾਰਕਾਂ ਨੇ ਕਥਾ ਵਿਚਾਰਾਂ ਰਾਹੀਂ ਤੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਸ਼ਬਦ ਗਾਇਨ ਦੁਆਰਾ ਹਾਜ਼ਰੀ ਲੁਆਈ। ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਜੋਸ਼ੀਲੀਆਂ ਰਚਨਾਵਾਂ ਸਵਰਣ ਕਰਵਾਈਆਂ ਗਈਆਂ। ਇਨ੍ਹਾਂ ਸਮਾਗਮਾਂ ਦੀ ਵਿਲੱਖਣਤਾ ਇਹ ਰਹੀ ਕਿ ਕੈਨੇਡਾ ਦੇ ਜੰਮਪਲ ਸਿੱਖ ਬੱਚਿਆਂ ਨੇ ਗੁਰਦੁਆਰਾ ਸਾਹਿਬਾਨ ’ਚ ਵੱਡੀ ਗਿਣਤੀ ’ਚ ਹਾਜ਼ਰੀ ਲੁਆ ਕੇ ਸਿੱਖ ਪੰਥ ਦੇ ਸੁਨਹਿਰੀ ਭਵਿੱਖ ਦੀ ਤਰਜਮਾਨੀ ਕੀਤੀ।