ਓਟਾਵਾ, ਕਨੇਡਾ: ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਬਾਬਤ ਬੀਤੇ ਕੱਲ ਜਾਰੀ ਹੋਏ “ਨੈਸ਼ਨਲ ਸਕਿਓਟਰੀ ਅਤੇ ਇੰਨਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼” ਦੇ ਲੇਖੇ ਵਿਚ ਕਨੇਡਾ ਰਹਿੰਦੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੇ ਤੱਥ ਮੁੜ ਉਜਾਗਰ ਹੋਏ ਹਨ। ਜ਼ਿਕਰਯੋਗ ਹੈ ਕਿ ਕਨੇਡਾ ਵਿਚਲਾ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਹ ਦੋਸ਼ ਲਾਉਂਦਾ ਆ ਰਿਹਾ ਸੀ ਕਿ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਲਈ ਭਾਰਤ ਸਰਕਾਰ, ਇਸ ਦਾ ਕਨੇਡਾ ਵਿਚਲਾ ਸਫਾਰਤਖਾਨਾ ਤੇ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਕਨੇਡਾ ਚ ਵਧਵੀਂ ਤੇ ਮੰਦਭਾਵੀ ਦਖਲ ਅੰਦਾਜ਼ੀ ਕਰਦੀਆਂ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕੁੱਲ 40 ਪੰਨਿਆਂ ਦੇ ਜਾਰੀ ਹੋਏ ਲੇਖੇ ਵਿਚੋਂ ਬਹੁਤ ਵੱਡਾ ਹਿੱਸਾ ਕਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ “ਨੈਸ਼ਨਲ ਸਕਿਓਰਟੀ” ਅਤੇ “ਕੌਮਾਂਤਰੀ ਸਬੰਧਾਂ” ਲਈ ਨੁਕਸਾਨਦੇਹ ਦੱਸਦਿਆ ਹਟਾ ਦਿੱਤਾ ਗਿਆ ਹੈ। ਪੂਰਾ ਲੇਖਾ “****” ਦੇ ਨਿਸ਼ਾਨ ਨਾਲ ਭਰਿਆ ਪਿਆ ਹੈ ਜਿਸ ਦਾ ਭਾਵ ਹੈ ਕਿ ਇਹਨਾਂ “****” ਦੇ ਨਿਸ਼ਾਨ ਵਾਲੇ ਹਿੱਸੇ ਮੂਲ ਲੇਖੇ ਵਿਚੋਂ ਕਨੇਡਾ ਸਰਕਾਰ ਦੇ ਕਹਿਣ ਉੱਤੇ ਬਾਹਰ ਕੱਢ ਦਿੱਤੇ ਗਏ ਹਨ।
ਭਾਵੇਂ ਕਿ ਇਸ ਲੇਖੇ ਵਿਚੋਂ ਮਹੱਤਵਪੂਰਣ ਜਾਣਕਾਰੀ ਵੱਡੇ ਪੱਧਰ ਉੱਤੇ ਕਨੇਡਾ ਸਰਕਾਰ ਨੇ ਰੋਕ ਲਈ ਹੈ ਪਰ ਫਿਰ ਵੀ ਇਹ ਲੇਖਾ ਸਾਫ ਜ਼ਾਹਰ ਕਰਦਾ ਹੈ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਦੌਰਾਨ ਭਾਰਤੀ ਏਜੰਸੀਆਂ ਤੇ ਖਬਰਖਾਨੇ (ਮੀਡੀਆ) ਵੱਲੋਂ ਮਿੱਥ ਕੇ ਕਨੇਡਾ ਸਰਕਾਰ ਨੂੰ ਠਿੱਠ ਕੀਤਾ ਗਿਆ ਤੇ ਅਖੌਤੀ “ਸਿੱਖ ਕੱਟੜਵਾਦ” ਦੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ।
ਲੇਖੇ ਵਿਚ ਦੱਸਿਆ ਗਿਆ ਕਿ ਕਿਵੇਂ ਭਾਰਤ ਸਰਕਾਰ ਕਨੇਡਾ ਕੋਲ ਕਨੇਡਾ ਰਹਿੰਦੇ ਸਿੱਖਾਂ ਵਿਰੁਧ ਸ਼ਿਕਾਇਤਾਂ ਕਰਦੀ ਰਹਿੰਦੀ ਹੈ ਤੇ ਤਕਰੀਬਨ ਹਰ ਪੱਧਰ ਦੀ ਦੁਵੱਲੀ ਗੱਲਬਾਤ ਦੌਰਾਨ ਭਾਰਤ ਸਰਕਾਰ ਸਿੱਖਾਂ ਵਿਰੁਧ ‘ਅਤਿਵਾਦ’ ਦਾ ਦੋਸ਼ ਮੜ੍ਹਦੀ ਹੈ।
ਇਸ ਲੇਖੇ ਵਿਚ ਭਾਰਤੀ ਖਬਰਖਾਨੇ ਵੱਲੋਂ ਮਿੱਥ ਕੇ ਕਨੇਡਾ ਦੇ ਪ੍ਰਧਾਨ ਮੰਤਰੀ ਉੱਤੇ ਅਖੌਤੀ ਸਿੱਖ “ਕੱਟੜਵਾਦੀਆਂ” ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਉਣ ਵਾਲੀਆਂ ਖਬਰਾਂ ਦਾ ਖਾਸ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ। ਇਹ ਖਬਰਾਂ ਕਨੇਡਾ ਦੇ ਖਬਰਖਾਨੇ ਵੱਲੋਂ ਵੀ ਬਿਨਾ ਪੜਚੋਲ ਦੇ ਛਾਪੀਆਂ ਜਾਂਦੀਆਂ ਰਹੀਆਂ ਸਨ।
ਇਸ ਲੇਖੇ ਬਾਰੇ ਟਿੱਪਣੀ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਲੇਖਾ ਕਨੇਡਾ ਦੇ ਚੋਣੇ ਹੋਏ ਨੁਮਾਇੰਦਿਆਂ, ਅਫਸਰਾਂ ਤੇ ਖਬਰਖਾਨੇ ਲਈ ਇਹ ਇਸ਼ਾਰਾ ਹੈ ਕਿ ਉਹ ਭਾਰਤੀ ਖਬਰਖਾਨੇ ਵੱਲੋਂ ਸਿੱਖਾਂ “ਕੱਟੜਵਾਦ” ਦੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੜਚੋਲਵੀਂ ਨਜ਼ਰ ਨਾਲ ਵੇਖਣ ਦੀ ਡਾਹਡੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤੀ ਖਬਰਖਾਨੇ ਤੇ ਏਜੰਸੀਆਂ ਵੱਲੋਂ ਬੇਬੁਨਿਆਦ ਦੋਸ਼ ਲਾ ਕੇ ਸਿੱਖਾਂ ਦੀ ਸਾਖ ਨੂੰ ਵੱਟਾ ਲਾਉਣ ਦੀਆਂ ਕੋਸ਼ਿਸ਼ਾਂ ਇਕ ਗੰਭਰ ਮਸਲਾ ਹਨ ਅਤੇ ਇਹ ਮਹਿਜ਼ ਇਤਫਾਕ ਨਹੀਂ ਹੈ ਕਿ (ਕਨੇਡੀਅਨ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਹੋਏ ਦੁਸ਼-ਪ੍ਰਚਾਰ ਤੋਂ ਬਾਅਦ ਕਨੇਡਾ ਵਿੱਚ ਸਿੱਖਾਂ ਖਿਲਾਫ ਨਫਰਤ ਭਰੀ ਹਿੰਸਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਖਬਰਖਾਨੇ ਵੱਲੋਂ ਕੱਟੜਵਾਦ ਦੀ ਝੂਠੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਖੂੰਜੇ ਲਾਉਣ ਦੀਆਂ ਕੋਸ਼ਿਸ਼ਾਂ ਕਰਨਾ ਇਕ ਅਤਿ ਗੰਭੀਰ ਮਸਲਾ ਹੈ ਤੇ ਇਸ ਨਾਲ ਜ਼ੋਰਦਾਰ ਤਰੀਕੇ ਨਾਲ ਨਿਜੱਠਣ ਦੀ ਲੋੜ ਹੈ।