Site icon Sikh Siyasat News

ਵੈਨ ਰਾਹੀਂ ਪ੍ਰਚਾਰ: ਖਾਲੀ ਕੁਰਸੀਆਂ ਦੀਆਂ ਤਸਵੀਰਾਂ ਖਿੱਚਣ ਤੋਂ ‘ਆਪ’ ਤੇ ਅਕਾਲੀਆਂ ’ਚ ਝਗੜਾ

ਮੁਕਤਸਰ: ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿੱਚ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਵੈਨ ਪ੍ਰੋਗਰਾਮ ਤੋਂ ਪਹਿਲਾਂ ਖਾਲੀ ਕੁਰਸੀਆਂ ਦੀਆਂ ਫੋਟੋਆਂ ਖਿੱਚਣ ਦੇ ਮਾਮਲੇ ’ਤੇ ਅਕਾਲੀ ਸਰਪੰਚ ਦਵਿੰਦਰਪਾਲ ਸਿੰਘ ਧੜੇ ਦਾ ‘ਆਪ’ ਕਾਰਕੁਨ ਜਗਸੀਰ ਸਿੰਘ ਨਾਲ ਝਗੜਾ ਹੋ ਗਿਆ। ਇਸ ਝਗੜੇ ਵਿੱਚ ਪਿਉ-ਪੁੱਤ ਸਣੇ ਦੋਵੇਂ ਧਿਰਾਂ ਦੇ ਚਾਰ ਜਣੇ ਜ਼ਖ਼ਮੀ ਹੋ ਗਏ।

‘ਆਪ’ ਕਾਰਕੁਨ ਜਗਸੀਰ ਸਿੰਘ ਨੇ ਦੋਸ਼ ਲਾਇਆ ਕਿ ਸਰਪੰਚ ਦਵਿੰਦਰਪਾਲ ਸਿੰਘ ਨੇ ਪਹਿਲਾਂ ਮੋਬਾਈਲ ’ਤੇ ਕਾਲ ਕਰ ਕੇ ਬਿਨਾਂ ਵਜ੍ਹਾ ਵੈਨ ਪ੍ਰੋਗਰਾਮ ਦੀਆਂ ਕੁਰਸੀਆਂ ਦੀਆਂ ਫੋਟੋਆਂ ਖਿੱਚਣ ਦੇ ਦੋਸ਼ ਮੜ੍ਹ ਕੇ ਗਾਲੀ-ਗਲੋਚ ਕੀਤਾ। ਉਸ ਤੋਂ ਬਾਅਦ ਸਰਪੰਚ ਆਪਣੇ 3-4 ਸਾਥੀਆਂ ਨਾਲ ਤੇਜ਼ਧਾਰ ਹਥਿਆਰਾਂ ਸਮੇਤ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ ਅਤੇ ਉਸ ਦੀ ਤੇ ਉਸ ਦੇ ਪਿਤਾ ਦੀ ਮਾਰਕੁੱਟ ਕੀਤੀ ਅਤੇ ਔਰਤਾਂ ਦੀ ਖਿੱਚ-ਧੂਹ ਕਰਦਿਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਉਹ ਅਤੇ ਉਸ ਦੇ ਪਿਤਾ ਨਿੱਕੂ ਰਾਮ ਜ਼ਖ਼ਮੀ ਹੋ ਗਏ। ਜਗਸੀਰ ਸਿੰਘ ਨੇ ਸਰਪੰਚ ਦੇ ਤਲਖੀ ਵਾਲੇ ਰਵੱਈਏ ਵਾਲੀ ਫੋਨ ਕਾਲ ਦੀ ਰਿਕਾਰਡਿੰਗ ਪੱਤਰਕਾਰਾਂ ਅਤੇ ਪੁਲਿਸ ਨੂੰ ਭੇਜੀ ਹੈ।

ਲੰਬੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ‘ਆਪ’ ਵਰਕਰ ਜਗਸੀਰ ਸਿੰਘ ਤੇ ਉਸ ਦਾ ਪਿਤਾ ਨਿੱਕੂ ਰਾਮ

ਉਧਰ ਫਤਿਹਪੁਰ ਮਨੀਆਂ ਦੇ ਅਕਾਲੀ ਸਰਪੰਚ ਦਵਿੰਦਰਪਾਲ ਸਿੰਘ ਨੇ ਘਰ ਜਾ ਕੇ ਮਾਰਕੁੱਟ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਗਸੀਰ ਸਿੰਘ ਸ਼ਾਮ 7 ਵਜੇ ਹੀ ਖਾਲੀ ਕੁਰਸੀਆਂ ਦੀਆਂ ਫੋਟੋਆਂ ਖਿੱਚ ਰਿਹਾ ਸੀ, ਜਦੋਂਕਿ ਚਾਰ ਸਾਹਿਬਜ਼ਾਦੇ ਫ਼ਿਲਮ 9 ਵਜੇ ਦਿਖਾਈ ਜਾਣੀ ਸੀ। ਸਰਪੰਚ ਨੇ ਕਿਹਾ ਕਿ ਉਹ ਪਿੰਡੋਂ ਬਾਹਰ ਸੀ ਤੇ ਜਗਸੀਰ ਸਿੰਘ ਹੋਰਾਂ ਨੇ ਪੈਲੇਸ ਕੋਲ ਆ ਕੇ ਅਕਾਲੀ ਵਰਕਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਕਲੱਬ ਦੇ ਮੁਖੀ ਪ੍ਰਧਾਨ ਸਿੰਘ ਅਤੇ ਸੁਖਵਿੰਦਰ ਸਿੰਘ ਜ਼ਖ਼ਮੀ ਹੋ ਗਏ। ਇਸ ਝਗੜੇ ਵਿੱਚ ਦੋਵੇਂ ਧੜਿਆਂ ਦੇ ਜ਼ਖ਼ਮੀ ਚਾਰੇ ਜਣੇ ਇੱਥੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਲੰਬੀ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version