ਭਾਈ ਲਵਸ਼ਿੰਦਰ ਸਿੰਘ ਡੱਲੇਵਾਲ {ਫਾਈਲ ਫੋਟੋ}

ਵਿਦੇਸ਼

ਬਾਦਲ ਸਰਕਾਰ ਵਲੋਂ ‘ਸਰਬੱਤ ਖਾਲਸਾ’ ਲਈ ਦਫਤਰ ਖੋਲ੍ਹਣ ਤੋਂ ਰੋਕਣਾ ਜ਼ੁਲਮ ਦੀ ਇੰਤਹਾ:ਯੂਨਾਇਟਿਡ ਖ਼ਾਲਸਾ ਦਲ

By ਸਿੱਖ ਸਿਆਸਤ ਬਿਊਰੋ

June 25, 2016

ਲੰਡਨ: ਯੂਨਾਇਟਿਡ ਖ਼ਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਬਾਦਲ ਦੀ ਤੁਲਨਾ ਜ਼ਾਲਮ ਹੁਕਮਰਾਨ ਦੇ ਤੌਰ ‘ਤੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਥਕ ਰਿਵਾਇਤਾਂ ਮੁਤਾਬਕ ਸਿੱਖ ਨਵੰਬਰ 2016 ਵਿਚ ਇਕੱਠ ਕਰਨਾ ਚਾਹੁੰਦੇ ਹਨ ਅਤੇ ਉਸ ਦੇ ਤਾਲਮੇਲ ਲਈ ਇਕ ਦਫਤਰ ਖੋਲ੍ਹਣਾ ਚਾਹੁੰਦੇ ਹਨ। ਜੋ ਕਿ ਬਾਦਲ ਦੀ ਪੁਲਿਸ ਨੇ ਤਲਵੰਡੀ ਸਾਬੋ ਵਿਖੇ ਖੋਲ੍ਹਣ ਨਹੀਂ ਦਿੱਤਾ। ਭਾਈ ਨਿਰਮਲ ਸਿੰਘ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਹ ਧੱਕੇਸ਼ਾਹੀ ਹੀ ਬਾਦਲ ਪਰਿਵਾਰ ਦੇ ਪਤਨ ਦਾ ਕਾਰਨ ਬਣੇਗੀ।

ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖ ਕੌਮ ‘ਤੇ ਭੀੜ ਬਣੀ ਹੈ ਜਾਂ ਸਿੱਖ ਕੌਮ ਆਗੂਹੀਣ ਹੋਈ ਹੈ ਤਾਂ ਸਿੱਖ ਕੌਮ ਨੇ ਸਾਂਝਾ ਗੁਰਮਤਾ ਕਰਨ ਲਈ, ਕੌਮ ਦੇ ਚੰਗੇਰੇ ਭਵਿੱਖ ਵਾਸਤੇ ਅਤੇ ਪ੍ਰਚਲਤ ਪ੍ਰਬੰਧ ਨੂੰ ਬਦਲਣ ਲਈ ਨਵੀਂ ਰਣਨੀਤੀ ਉਲੀਕਣ ਵਾਸਤੇ ਪੰਥਕ ਇਕੱਠ ਸੱਦਿਆ ਹੈ। ਪਿਛਲੇ ਸਾਲ ਚੱਬਾ ਵਿਖੇ ਹੋਏ ਪੰਥਕ ਇਕੱਠ ਦੀ ਕਾਮਯਾਬੀ ਨਾਲ ਬਾਦਲ ਸਰਕਾਰ ਘਬਰਾ ਗਈ ਹੈ ਅਤੇ ਇਸੇ ਬੌਖਲਾਹਟ ਵਿਚ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਪੰਥਕ ਇਕੱਠ ਦੀ ਤਿਆਰੀ ਵਾਸਤੇ ਖੋਲ੍ਹੇ ਜਾਣ ਵਾਲੇ ਦਫਤਰ ਨੂੰ ਰੋਕਣ ਲਈ ਇਹ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ।

ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਸੈਂਕੜੇ ਸਿੱਖਾਂ ਨੂੰ ਹਿਰਾਸਤ ਵਿੱਚ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਜਦ ਕਿ ਦੂਜੇ ਪਾਸੇ ਬਰਗਾੜੀ ਵਿਖੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਸੀਆਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅਤੇ ਨਾ ਹੀ ਗੁਰੁ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਲੱਭੇ ਗਏ ਹਨ। ਉਕਤ ਵਰਤਾਰਾ ਬਾਦਲ ਸਰਕਾਰ ਦੀ ਸਿੱਖ ਦੁਸ਼ਮਣਾਂ, ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨਾਲ ਸਾਂਝ ਭਿਆਲਤਾ ਦਾ ਸਬੂਤ ਮੰਨਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: