Site icon Sikh Siyasat News

‘ਸੜਕਨਾਮਾ’ ਵਰਗੇ ਲੇਖਕਾਂ ਵਲੋਂ ਲਿਖਣਾ ਬੰਦ ਕਰ ਦੇਣ ਦੀ ਗੱਲ ਕਰਨੀ ਕੋਈ ‘ਅਹਿਸਾਨ’ ਨਹੀਂ’ : ਦਲ ਖ਼ਾਲਸਾ

ਦਲ ਖ਼ਾਲਸਾ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਬਠਿੰਡਾ/ਰਾਮਪੁਰਾ ਫੂਲ: ਆਪਣੇ ਆਪ ਨੂੰ ਸਥਾਪਤ ਕਰਨ, ਪੈਸੇ ਕਮਾਉਣ, ਸੱਤਾ ਦੇ ਹੱਕ ਵਿੱਚ ਅਤੇ ਇਤਿਹਾਸ ਨੂੰ ਉਲਟਾ ਗੇੜਾ ਦੇਣ ਲਈ ਲਿਖਣਾ ਅਤੇ ਫਿਰ ਲਿਖਣਾ ਬੰਦ ਕਰਨ ਦੇ ਬਿਆਨ ਦੇਣਾ ਕਿਸੇ ਸਿਰ ਕੋਈ ਅਹਿਸਾਨ ਨਹੀਂ ਹੈ। ਇਸ ਦਾ ਪ੍ਰਗਟਾਵਾ ਅੱਜ ਦਲ ਖ਼ਾਲਸਾ ਨੇ ਬਲਦੇਵ ਸੜਕਨਾਮਾ ਨਾਮੀ ਲੇਖਕ ਦੇ ਹੱਕ ਵਿੱਚ ਇੱਕ ਸਭਾ ਵੱਲੋਂ ਆਏ ਬਿਆਨ ਦੇ ਪ੍ਰਤੀਕਰਮ ਵਜੋਂ ਕੀਤਾ।

ਬਲਦੇਵ ਸੜਕਨਾਮਾ (ਫਾਈਲ ਫੋਟੋ)

ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਥਾਣਾ, ਭਗਵਾਨ ਸਿੰਘ ਸੰਧੂ ਖੁਰਦ, ਬਾਬਾ ਸਤਨਾਮ ਸਿੰਘ ਦਿਆਲਪੁਰਾ, ਜੀਵਨ ਸਿੰਘ ਗਿੱਲ ਆਦਿ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੀ ਸ਼ਹਿ ‘ਤੇ ਸਿੱਖ ਇਤਿਹਾਸ ‘ਤੇ ਚਿੱਕੜ ਸੁੱਟਣ, ਇਤਿਹਾਸ ਨੂੰ ਪੁੱਠਾ ਗੇੜ ਦੇਣ ਲਈ ਗਲਤ ਤੱਥਾਂ ‘ਤੇ ਬਲਦੇਵ ਸੜਕਨਾਮਾ ਵੱਲੋਂ ਲਿਖੇ ਗਏ ਨਾਵਲ ‘ਸੂਰਜ ਦੀ ਅੱਖ’ ‘ਤੇ ਸਿੱਖ ਕੌਮ ਵਲੋਂ ਰੋਸ ਪ੍ਰਗਟ ਹੋਣ ਮਗਰੋਂ ਇਸ ਦੇ ਲੇਖਕ ਨੇ ਲੋਕਾਂ ਸਿਰ ‘ਅਹਿਸਾਨ’ ਕਰਦਿਆਂ ਕਿਹਾ ਸੀ ਕਿ ਉਸ ਨੇ ਹੋਰ ਵੀ ਸਿੱਖ ਨਾਇਕਾਂ ‘ਤੇ ਲਿਖਣ ਦਾ ਪ੍ਰਜੈਕਟ ਬਣਾਇਆ ਸੀ ਪਰ ਵਿਰੋਧ ਕਰਨ ਕਰਕੇ ਇਹ ਬੰਦ ਕਰਨਾ ਪਿਆ। ਦਲ ਖ਼ਾਲਸਾ ਨੇ ਕਿਹਾ ਜਥੇਬੰਦੀ ਦਾ ਕਹਿਣਾ ਹੈ ਕਿ ਅਜਿਹੇ ਨਾਵਲਕਾਰਾਂ ਨੇ ਆਪਣੇ ਆਪ ਨੂੰ ਸਥਾਪਤ ਕਰਨ, ਪੈਸੇ ਕਮਾਉਣ ਲਈ ਜਾਣ-ਬੁਝ ਕੇ ਇਤਿਹਾਸ ਦੀ ਤੋੜ ਮਰੋੜ ਕਰਕੇ ਲਿਖਤਾਂ ਛਾਪਣਾ, ਸਥਾਪਤੀ ਦੇ ਹੱਕ ਵਿੱਚ ਲਿਖਣਾ, ਇਹ ਸਭ ਕੁਝ ਕਿਸੇ ‘ਤੇ ਅਹਿਸਾਨ ਨਹੀਂ।

ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ ਹੋਰ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਉਹਨਾਂ ਕਿਹਾ ਕਿ ਅਜਿਹੇ ਵੇਲੇ ਜਦੋਂ ਹਿੰਦੂਤਵ ਨੂੰ ਜਬਰੀ ਲੋਕਾਂ ‘ਤੇ ਥੋਪਿਆ ਜਾ ਰਿਹਾ ਹੈ ਤਾਂ ਇੱਕ ਸਾਜ਼ਿਸ਼ ਤਹਿਤ ਸਿੱਖ ਪਾਤਰਾਂ, ਸਿੱਖ ਯੋਧਿਆਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਿਸ ਦਾ ਨੌਜਵਾਨਾਂ ਤੇ ਹੋਰ ਚੇਤੰਨ ਵਰਗ ਵੱਲੋਂ ਵਿਰੋਧ ਹੋਣਾ ਕੁਦਰਤੀ ਹੈ। ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਕੁਝ ਪੱਤਰਕਾਰਾਂ ਨੇ ਕਿਤਾਬ ਵਿੱਚ ਵੇਰਵੇ ਸਬੰਧੀ ਜਵਾਬ ਮੰਗੇ ਪਰ ਲੇਖਕ ਸੜਕਨਾਮਾ ਵਲੋਂ ਜਵਾਬ ਦੇਣ ਦੀ ਬਜਾਏ ਸਵਾਲ ਚੁੱਕਣ ਵਾਲਿਆਂ ਨੂੰ ਹੀ ਬਲੌਕ ਕਰ ਗਿਆ। ਉਨ੍ਹਾਂ ਕਿਹਾ ਕਿ ਸਵਾਲਾਂ ਵਿੱਚ ਇਹੀ ਪੁੱਛਿਆ ਗਿਆ ਸੀ ਕਿ ਇਹ ਸ਼ੱਕੀ, ਇੱਕ ਪਾਸੜ, ਝੂਠੇ ਵੇਰਵੇ ਕਿੱਥੋਂ ਪ੍ਰਾਪਤ ਕੀਤੇ ਹਨ।

ਦਲ ਖ਼ਾਲਸਾ ਨੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀ ਜ਼ਿੰਮੇਵਾਰ ਅਤੇ ਚਿੰਤਕ ਲੋਕ ਸਰਗਰਮ ਹਨ ਅਤੇ ਇਹ ਆਮ ਲੋਕਾਂ ਦਾ ਇੱਕ ਮੰਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version