ਚੰਡੀਗੜ੍ਹ (11 ਅਗਸਤ, 2015): ਬੁੜੈਲ ਜੇਲ੍ਹ ਫਰਾਰੀ ਮਾਮਲੇ ‘ਚ ਚੰਡੀਗੜ੍ਹ ਦੀ ਇੱਕ ਅਦਲਾਤ ਨੇ ਫੈਸਲਾ ਸੁਣਾਉਦਿਆਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਉਰਾ ਤੋਂ ਬਿਨਾਂ 14 ਵਿਅਕਤੀਆਂ ਨੂੰ ਬਰੀ ਕਰ ਦਿੱਤਾ।
ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਭਾਵੇਂ ਜੇਲ੍ਹ ਤੋੜ ਕੇ ਭੱਜਣ ਦਾ ਦੋਸ਼ੀ ਤਾਂ ਦੱਸਿਆ ਪਰ ਕੋਈ ਸਜ਼ਾ ਨਹੀਂ ਸੁਣਾਈ ਕਿਉਂਕਿ ਇਸ ਮਾਮਲੇ ‘ਚ ਜਿੰਨੀ ਸਜ਼ਾ ਸੁਣਾਈ ਜਾ ਸਕਦੀ ਹੈ ਉਸ ਤੋਂ ਜ਼ਿਆਦਾ ਸਜ਼ਾ ਉਹ ਦੋਵੇਂ ਪਹਿਲਾਂ ਹੀ ਕੱਟ ਚੁੱਕੇ ਹਨ । ਇਸ ਲਈ ਅਦਾਲਤ ਨੇ ਉਨ੍ਹਾਂ ਦੀ ਸਜ਼ਾ ਨੂੰ ਭੁਗਤੀ ਹੋਈ ਐਲਾਨ ਦਿੱਤਾ ।
ਕੇਸ ਦੇ ਫੈਸਲੇ ਵਿੱਚੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਬਾਹਰ ਰੱਖਿਆ ਗਿਆ ਹੈ। ੳੁਸ ਵਿਰੁੱਧ ਵੱਖਰਾ ਕੇਸ ਚਲੇਗਾ। ਦੋ ਮੁਲਜ਼ਮਾਂ ਦੇਬੀ ਸਿੰਘ ਅਤੇ ਗੁਰਵਿੰਦਰ ਸਿੰਘ ਗੋਲਡੀ ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਹਵਾਰਾ ਅਤੇ ਭਾਈ ਭਿਉਰਾ ਦੀ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀ ਸੁਣਵਾਈ ਕਰਕੇ ਫ਼ੈਸਲਾ ਸੁਣਾਇਆ ਗਿਆ ।
ਇਸ ਮਾਮਲੇ ‘ਚ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਕੁੱਲ 21 ਜਣਿਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਸੀ, ਜਿਨ੍ਹਾਂ ‘ਚੋਂ ਬੀਬੀ ਬਲਜੀਤ ਕੌਰ ਦੀ ਮੌਤ ਹੋ ਚੁੱਕੀ ਹੈ । ਪਾਕਿ ਜਾਸੂਸ ਆਬਿਦ ਮਹਿਮੂਦ ਨੂੰ 2009 ਵਿਚ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ।
ਨਾਮਜ਼ਦ ਬਾਕੀ ਵਿਅਕਤੀਆਂ ਵਿਚ ਸਾਬਕਾ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਰਾਣਾ (57), ਦਲਬੀਰ ਸਿੰਘ ਸੰਧੂ (59), ਸਾਬਕਾ ਡਿਪਟੀ ਸੁਪਰਡੈਂਟ ਪਰਮਜੀਤ ਸਿੰਘ ਰਾਣਾ (38), ਸਾਬਕਾ ਸਹਾਇਕ ਸੁਪਰਡੈਂਟ ਇੰਦਰ ਸਿੰਘ (47), ਸਾਬਕਾ ਜੇਲ੍ਹ ਵਾਰਡਨ ਖਾੜਕੂ ਭਾਈ ਨਰੈਣ ਸਿੰਘ ਚੌੜਾ (56), ਬੀਬੀ ਬਲਜੀਤ ਕੌਰ (42), ਨਿਸ਼ਾਨ ਸਿੰਘ (55) ਸਾਬਕਾ ਮੁੱਖ ਵਾਰਡਨ, ਕਸ਼ਮੀਰ ਸਿੰਘ (40) ਸਿਪਾਹੀ ਸੀ.ਆਰ.ਪੀ.ਐਫ., ਜਗੀਰ ਸਿੰਘ (44) ਸਿਪਾਹੀ ਸੀ.ਆਰ.ਪੀ.ਐਫ, ਵੇਦ ਮਿੱਤਲ ਗਿੱਲ (56) ਸਾਬਕਾ ਡਿਪਟੀ ਸੁਪਰਡੈਂਟ ਜੇਲ੍ਹ, ਸੁਬੇਗ ਸਿੰਘ (45), ਨੰਦ ਸਿੰਘ (38), ਸ਼ੇਰ ਸਿੰਘ (53), ਭਾਈ ਲਖਵਿੰਦਰ ਸਿੰਘ (42), ਗੁਰਨਾਮ ਸਿੰਘ (55) ਆਦਿ ਸ਼ਾਮਿਲ ਸਨ । ਜਿਨ੍ਹਾਂ ‘ਚੋਂ ਕੁੱਝ ਇੱਕ ਨੂੰ ਪਹਿਲਾਂ ਹੀ ਇਸ ਕੇਸ ‘ਚੋਂ ਖ਼ਾਰਜ ਕਰ ਦਿੱਤਾ ਗਿਆ ਸੀ । ਅਹਿਮ ਗੱਲ ਇਹ ਰਹੀ ਕਿ ਇਸ ਸਾਰੀ ਅਦਾਲਤੀ ਕਾਰਵਾਈ ਦੌਰਾਨ ਇਸਤਗਾਸਾ ਧਿਰ ਨਾ ਤਾਂ ਜੇਲ੍ਹ ਤੋੜਨ ਦੀ ਸਾਜ਼ਿਸ਼ ਨੂੰ ਹੀ ਸਾਬਤ ਕਰ ਸਕੀ ਅਤੇ ਨਾ ਹੀ ਸਾਜਿਸ਼ਕਰਤਾਵਾਂ ਬਾਰੇ ਕੋਈ ਖ਼ੁਲਾਸਾ ਕਰ ਸਕੀ, ਬਲਕਿ ਜਿਸ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਜਾਂਚ ਏਜੰਸੀਆਂ ਸਾਜ਼ਿਸ਼ ਦਾ ਸੂਤਰਧਾਰ ਮੰਨਦੀਆਂ ਸਨ, ਉਸ ਨੂੰ ਵੀ ਅਦਾਲਤ ਨੇ ਬਰੀ ਕਰ ਦਿੱਤਾ ।
ਕੀ ਸੀ ਮਾਮਲਾ?:
ਪੁਲਿਸ ਦੀ ਕਹਾਣੀ ਅਨੁਸਾਰ 20 ਅਤੇ 21 ਜਨਵਰੀ, 2004 ਵਿਚਕਾਰਲੀ ਰਾਤ ਨੂੰ ਬੇਅੰਤ ਸਿੰਘ ਕਤਲ ਕਾਂਡ ‘ਚ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਹਰਿਆਣਵੀ ਰਸੋਈਆ ਦੇਵੀ ਸਿੰਘ ਜੋ ਕਿ ਬੁੜੈਲ ਜੇਲ੍ਹ ਦੀ ਬੈਰਕ ਨੰ: 7 ਵਿਚ ਬੰਦ ਸਨ, ਜੇਲ੍ਹ ‘ਚੋਂ 94 ਫੁੱਟ ਲੰਬੀ ਸੁਰੰਗ ਪੁੱਟ ਕੇ ਭੱਜ ਨਿਕਲੇ ਸਨ । ਬੈਰਕ ਦੇ ਪਖਾਨੇ ਦੀ ਸੀਟ ਪੁੱਟ ਕੇ ਬਣਾਈ ਸੁਰੰਗ ਜੇਲ੍ਹ ਦੀ ਦੀਵਾਰ ਤੱਕ ਜਾਂਦੀ ਪਾਈ ਗਈ ਅਤੇ ਦੋਸ਼ ਹੈ ਕਿ ਇਸ ਤੋਂ ਅੱਗੇ ਸਾਰੇ ਕੈਦੀ ਕੱਚ ਜੜੀ ਕੰਧ ‘ਤੇ ਬੋਰੀ ਸੁੱਟ ਕੇ ਕੰਧ ਟੱਪ ਕੇ ਫ਼ਰਾਰ ਹੋ ਗਏ ਸਨ । ਇਸ ਤੋਂ ਪਹਿਲਾਂ ਖਾੜਕੂ ਨਰੈਣ ਸਿੰਘ ਚੌੜਾ ਨੇ ਜੇਲ੍ਹ ਨੂੰ ਜਾਂਦੀਆਂ ਬਿਜਲੀ ਦੀਆਂ ਤਾਰਾਂ ‘ਤੇ ਸੰਗਲ ਸੁੱਟ ਕੇ ਜੇਲ੍ਹ ਦੀ ਬਿਜਲੀ ਗੁੱਲ ਕਰ ਦਿੱਤੀ ਸੀ ।
ਦੋਸ਼ ਸਾਬਤ ਨਾ ਕਰ ਸਕੀ ਪੁਲਿਸ:
ਇਸ ਮਾਮਲੇ ਵਿਚ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਦੋਸ਼ ਲਾਏ ਸਨ ਅਦਾਲਤ ਵਿਚ ਉਨ੍ਹਾਂ ਨੂੰ ਸਾਬਤ ਨਹੀਂ ਕਰ ਸਕੇ, ਕਿਉਂਕਿ ਮੌਕੇ ‘ਤੇ ਪੁੱਜੇ ਬਿਜਲੀ ਵਿਭਾਗ ਦੇ ਮੁਲਾਜ਼ਮ ਭਾਈ ਨਰੈਣ ਸਿੰਘ ਚੌੜਾ ਦੀ ਸ਼ਨਾਖ਼ਤ ਨਾ ਕਰ ਸਕੇ, ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਕਾਲ ਡਿਟੇਲਜ਼ ਅਦਾਲਤ ‘ਚ ਨਾ ਰੱਖੀ ਜਾ ਸਕੀ ।
ਭੱਜਣ ਲਈ ਵਰਤੀ ਗਈ ਕਾਰ ਅਤੇ ਸੁਰੰਗ ਪੁੱਟਣ ਲਈ ਵਰਤੇ ਔਜ਼ਾਰਾਂ ਦੀ ਬਰਾਮਦਗੀ ਸਾਬਤ ਨਾ ਕਰ ਸਕੀ ਪੁਲਿਸ । ਇਸ ਤੋਂ ਇਲਾਵਾ ਜਿਸ ਅਦਾਲਤ ‘ਚ ਬੇਅੰਤ ਸਿੰਘ ਕਤਲ ਕਾਂਡ ਦੀ ਸੁਣਵਾਈ ਹੋ ਰਹੀ ਸੀ, ਉਸ ਅਦਾਲਤ ਵਿਚ ਜੇਲ੍ਹ ਤੋਂ ਭੱਜੇ ਦੋਸ਼ੀਆਂ ਦੀ ਗ਼ੈਰਹਾਜ਼ਰੀ ਵੀ ਪੁਲਿਸ ਸਾਬਤ ਨਹੀਂ ਕਰ ਸਕੀ ।