ਨਵਾਂ ਸਾਹਿਰ( 16 ਮਾਰਚ, 2016): ਅੱਜ ਨਵਾਂਸ਼ਹਿਰ ‘ਚ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਰੈਲੀ ਸਮੇਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਬਸਪਾ ਆਪਣੇ ਬਲਬੂਤੇ ਇਕੱਲਿਆਂ ਚੋਣ ਲੜੇਗੀ।
ਉਨਾਂ ਆਖਿਆ ਕਿ ਪਾਰਟੀ ਤੋਂ ਬਾਗ਼ੀ ਹੋਏ ਲੋਕ ਆਪਸੀ ਈਰਖਾ ਨੂੰ ਖ਼ਤਮ ਕਰਕੇ ਇਕ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਉਣ ਦੀ ਨੀਂਹ ਰੱਖਣ ।
ਕਾਂਗਰਸ, ਬੀ.ਜੇ.ਪੀ. ਤੇ ਅਕਾਲੀ ਸਰਕਾਰ ਨੇ ਦੇਸ਼ ‘ਚ ਬੇਰੁਜ਼ਗਾਰੀ, ਗ਼ਰੀਬੀ, ਭਿ੍ਸ਼ਟਾਚਾਰ ਆਦਿ ਨੂੰ ਖ਼ਤਮ ਕਰਨ ਦੀ ਥਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧੱਕ ਦਿੱਤਾ ਹੈ । ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਬਸਪਾ ਦੇ ਹੜ੍ਹ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ । ਪੰਜਾਬ ਦੇ ਕਿਸਾਨ ਅੱਜ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ।
ਕੇਂਦਰ ਸਰਕਾਰ ਰਾਖਵਾਂਕਰਨ ਦੀ ਸਮੀਖਿਆ ਦੇ ਬਹਾਨੇ ਇਸ ਨੂੰ ਖ਼ਤਮ ਕਰਨ ਵਲ ਵੱਧ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਪਿਛੜੇਪਨ ਤੇ ਦਲਿਤ ਵਰਗ ਦੇ ਲੋਕਾਂ ਦਾ ਕਦੇ ਸਾਥ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਅੱਜ ਨਵਾਂਸ਼ਹਿਰ ਨੂੰ ਤੁਰਨ ਤੋਂ ਪਹਿਲਾਂ ਰਾਜ ਸਭਾ ‘ਚ ਇਹ ਗੱਲ ਬੋਲ ਕੇ ਆਏ ਹਨ ਕਿ ਬਾਬੂ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇ ਕੇ ਸਨਮਾਨਿਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਉਹ ਪਾਰਟੀ ਅਹੁਦੇਦਾਰੀਆਂ ‘ਚ 50 ਫ਼ੀਸਦੀ ਨੌਜਵਾਨਾਂ ਨੂੰ ਰਾਖਵਾਂਕਰਨ ਦਾ ਹੱਕ ਦੇਣਗੇ ।
ਉਨ੍ਹਾਂ ਕਿਹਾ ਕਾਂਸ਼ੀ ਰਾਮ ਨੇ ਬਾਬਾ ਸਾਹਿਬ ਦੀ ਸੋਚ ‘ਤੇ ਪਹਿਰਾ ਦੇ ਕੇ ਉਨ੍ਹਾਂ ਦੀ ਸੋਚ ਨੂੰ ਅੱਜ ਤੱਕ ਜਿੳੂਦਾ ਰੱਖਿਆ ਹੈ । ਬਾਬਾ ਸਾਹਿਬ ਤੋਂ ਬਾਅਦ ਕਾਂਸ਼ੀ ਰਾਮ ਨੇ ਹੀ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਹੈ ।ਉਨ੍ਹਾਂ ਵਲੋਂ ਦਿੱਤੀ ਜ਼ਿੰਮੇਵਾਰੀ ਕਾਰਨ ਮੇਰਾ ਨੈਤਿਕ ਫ਼ਰਜ਼ ਬਣਦਾ ਹੈ ਕਿ ਮੈਂ ਕਾਂਸ਼ੀ ਰਾਮ ਦੀ ਸੋਚ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂ । ਉਨ੍ਹਾਂ ਕਿਹਾ ਕਿ ਬਸਪਾ ਵਲੋਂ ਹਰ ਵਿਧਾਨ ਸਭਾ ਹਲਕੇ ਵਿਚ ਚਾਰ ਵਿਅਕਤੀਆਂ ਦਾ ਇਕ ਪੈਨਲ ਤਿਆਰ ਕੀਤਾ ਜਾਵੇਗਾ, ਜਿਹੜਾ ਵਧੀਆ ਉਮੀਦਵਾਰ ਦੀ ਚੋਣ ਕਰੇਗਾ ।
ਰੈਲੀ ਨੂੰ ਬਸਪਾ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਕਸ਼ਯਪ, ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਜਨਰਲ ਸਕੱਤਰ ਨਛੱਤਰਪਾਲ ਰਾਹੋਂ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਸਤੀਸ਼ ਚੰਦਰ ਮਿਸ਼ਰਾ ਸੰਸਦ ਮੈਂਬਰ, ਜੋਗਾ ਸਿੰਘ, ਗੁਰਲਾਲ ਸੈਲਾ, ਰਛਪਾਲ ਰਾਜੂ ਕੋਆਰਡੀਨੇਟਰ ਪੰਜਾਬ, ਪ੍ਰਕਾਸ਼ ਭਾਰਤੀ ਕੋਆਰਡੀਨੇਟਰ ਪੰਜਾਬ, ਅਜੀਤ ਸਿੰਘ ਭੈਣੀ ਆਦਿ ਹਾਜ਼ਰ ਸਨ।