ਨਵੀਂ ਦਿੱਲੀ (2 ਜੂਨ, 2015): ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਸਰਕਾਰੀ ਖੇਤਰ ਦੀ ਟੈਲੀਫੋਨ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐਸ. ਐਨ. ਐਲ.) 15 ਜੂਨ 2015 ਤੋਂ ਭਾਰਤ ਭਰ ਵਿਚ ਰੋਮਿੰਗ ਸੇਵਾਵਾਂ ਮੁਫ਼ਤ ਮੁਹੱਈਆ ਕਰੇਗਾ ।
ਦੂਰਸੰਚਾਰ ਖੇਤਰ ਵਿਚ ਐਨ. ਡੀ. ਏ. ਸਰਕਾਰ ਦੇ ਪਿਛਲੇ ਇਕ ਸਾਲ ਦੇ ਕਾਰਜਕਾਲ ਵਿਚ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਸ੍ਰੀ ਪ੍ਰਸਾਦ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿਚ ਸਪੈਕਟ੍ਰਮਾਂ ਨੂੰ ਸਾਂਝਾ ਕਰਨ ਅਤੇ ਵਪਾਰ ਨੀਤੀ ਨੂੰ ਪ੍ਰਵਾਨਗੀ ਲਈ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਅਗਲੇ ਦੋ ਸਾਲਾਂ ਵਿਚ ਵੱਡੀਆਂ ਸੈਲਾਨੀ ਥਾਵਾਂ ‘ਤੇ ਮੁਫਤ ਵਾਈ-ਫਾਈ ਦੀ ਸਹੂਲਤ ਨੂੰ ਯਕੀਨੀ ਬਣਾਵੇਗੀ । ਮਈ ਮਹੀਨੇ ਬੀ. ਐਸ. ਐਨ. ਐਲ. ਨੇ ਆਪਣੇ ਪ੍ਰੀਪੇਡ ਅਤੇ ਪੋਸਟ ਪੇਡ ਮੋਬਾਈਲ ਕੁਨੈਕਸ਼ਨਾਂ ‘ਤੇ ਰੋਮਿੰਗ ਦਰ 40 ਫ਼ੀਸਦੀ ਘੱਟ ਕਰ ਦਿੱਤੀ ਸੀ ।
ਇਸ ਨੇ ਰਾਤ ਸਮੇਂ ਲੈਂਡਲਾਈਨ ਫੋਨਾਂ ਤੋਂ ਰਾਤ ਸਮੇਂ ਮੁਫਤ ਫੋਨ ਕਰਨ ਦੀ ਸਹੂਲਤ ਦਿੱਤੀ ਹੋਈ ਹੈ । ਸ੍ਰੀ ਪ੍ਰਸਾਦ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਇਸ ਖੇਤਰ ਵਿਚ ਸਭ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ ।