ਸੈਨਫਰਾਂਸਿਸਕੋ/ ਕੈਲੀਫੋਰਨੀਆਂ: ( 14 ਅਗਸਤ, 2015): ਸਿੱਖਾਂ ਲਈ ਖੁਦਮੁਖਤਿਆਰੀ ਦੇ ਅਧਿਕਾਰ ਲਈ ਮਹਿੰਮ ਚਲਾ ਰਹੀ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਭਾਰਤ ਦੀ ਅਜ਼ਾਦੀ ਦੇ 69ਵੀ ਵਰੇਗੰਢ ‘ਤੇ “ਪੰਜਾਬ ਦੇ ਭਵਿੱਖ ਲਈ ਰਾਇਸ਼ੁਮਾਰੀ” ਲਈ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਨਟੋਂ ਵਿੱਚ ਇੱਕ ਕਰਵਾ ਰਹੀ ਹੈ।
ਰਾਇਸ਼ੁਮਾਰੀ ਕਾਨਫਰੰਸ਼ ਦਾ ਕੈਲੀਫੋਰਨੀਆਂ ਤੋਂ ਭਾਰਤ ‘ਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਇਸਨੂੰ ਕੈਲੋਫੋਰਨੀਆਂ ਤੋਂ ਸਿੱਧਾ ਵੇਖ ਸਕਣਗੇ।ਰਾਏਸ਼ੂਮਾਰੀ ਲਈ ਸਿੱਖ ਕੌਮ ਨੂੰ ਜਾਗਰੂਕ ਕਰਨ ਅਤੇ ਇਸਦੇ ਪੱਖ ਵਿੱਚ ਵੋਟ ਪਾਉਣ ਲਈ ਕਾਨਫਰੰਸ ਦਾ ਭਾਰਤ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਪੰਜਾਬ ਦੀ ਅਜ਼ਾਦੀ ਲਈ ਰਾਇਸ਼ੁਮਾਰੀ ਕਾਨਫਰੰਸ 17 ਅਗਸਤ ਨੂੰ ਸ਼ਾਮੀ 7 ਵਜੇ ਸਿੱਖ ਗਰੁੱਪ ਦੇ ਯੂ ਟਿਯੂਬ ਚੈਨਲ ‘ਤੇ ਵੇਖੀ ਜਾ ਸਕਦੀ ਹੈ।
ਸਿੱਖਸ ਫਾਰ ਜਸਟਿਸ ਪੰਜਾਬ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਬਣਾਉਣ ਲਈ ਸਾਲ 2020 ਵਿੱਚ ਸਿਵਲ ਅਤੇ ਰਾਜਸੀ ਅਧਿਕਾਰਾਂ ‘ਤੇ ਅਧਾਰਿਤ ਕੌਮਾਂਤਰੀ ਸਮਝੌਤੇ ਮੁਤਾਬਿਕ ਰਾਇਸ਼ੁਮਾਰੀ ਕਰਵਾ ਰਿਹਾ ਹੈ।ਇਸ ਸੰਯੁਕਤ ਰਾਸ਼ਟਰ ਦੇ ਸਮਝੌਤੇ ‘ਤੇ ਭਾਰਤ ਨੇ 1979 ਵਿੱਚ ਦਸਤਖਤ ਕੀਤੇ ਸਨ।
ਰਾਇਸ਼ੁਮਾਰੀ 2020 ਵਿੱਚ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਇਸ ਬਿਆਨ ‘ਤੇ ਦਸਤਖਤ ਕਰਨ ਲਈ ਕਿਹਾ ਜਾਵੇਗਾ ਕਿ “ਮੈਂ ਭਾਰਤੀ ਪੰਜਾਬ ਵਿੱਚ ਸਿੱਖਾਂ ਦੇ ਅਜ਼ਾਦ ਦੇਸ਼ ਦਾ ਪੁਰਜ਼ੋਰ ਸਮਰਥਨ ਕਰਦਾ ਹਾਂ।ਪੰਜਾਬ ਜੋ ਕਿ ਸਿੱਖਾਂ ਦੀ ਇਤਿਹਾਸਕ ਮਾਂ ਧਰਤੀ ਹੈ ਅਤੇ ਸਿੱਖ ਇਸਦੇ ਮੂਲ ਵਾਸੀ ਹਨ। ਸਿੱਖਾਂ ਦਾ ਇੱਕ ਵੱਖਰਾ ਧਰਮ ਹੈ ਅਤੇ ਉਨ੍ਹਾਂ ਨੂੰ ਖੁਦਮੁਖਤਿਆਰੀ ਦੇ ਨਿਰਣੇ ਦਾ ਅਧਿਕਾਰ ਹੈ।
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਅਸੀਂ ਸ਼ਾਤਮਈ ਅਤੇ ਲੋਕਾਂ ਦੀ ਆਮ ਸਹਿਮਤੀ ਨਾਲ “ਪੰਜਾਬ ਦੇ ਲੋਕਾਂ ਨੂੰ ਆਪਣੇ ਭਵਿੱਖ ਬਾਰੇ ਫੈਸਲਾ ਕਰਨ ਲਈ ਰਾਇਸ਼ੁਮਾਰੀ” ਕਰਵਾਉਣ ਦਾ ਪ੍ਰਬੰਧ ਕਰ ਰਹੇ ਹਾਂ।”
ਉਨ੍ਹਾਂ ਕਿਹਾ ਕਿ ਸਾਡਾ ਇਹ ਪੱਕਾ ਵਿਸ਼ਵਾਸ਼ ਹੈ ਕਿ ਪੰਜਾਬ ਅਜਾਦ ਦੇਸ਼ ਬਣੇ ਅਤੇ ਇਹ ਬਣੇਗਾ, ਪਰ ਸਿੱਖਾਂ ਦੀ ਅਜ਼ਾਦ ਸੋਚ ਹੀ ਇਸਦੇ ਭਵਿੱਖ ਦਾ 2020 ਵਿੱਚ ਫੈਸਲਾ ਕਰੇਗੀ।
ਸਿੱਖ ਰਾਏਸ਼ੁਮਾਰੀ ਦਾ ਪ੍ਰਬੰਧ ਨਿਰਪੱਖ ਅਤੇ ਵਕਾਰੀ ਸੰਸਥਾਵਾਂ ਵੱਲੋਂ ਕੀਤਾ ਜਾਵੇਗਾ ਅਤੇ ਇਸਦੀ ਨਿਗਰਾਨੀ ਕੌਮਾਂਤਰੀ ਪੱਧਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਕਾਰਕੂਨ ਕਰਨਗੇ।
ਵੱਖ-ਵੱਖ ਮੁਲਕਾਂ ਵਿੱਚ ਰਹਿ ਰਹੇ ਸਿੱਖ ਉੱਤਰੀ ਅਮਰੀਕਾ, ਯੂਰਪ, ਅਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਫਿਲਪੀਨਜ਼, ਸਿੰਘਾਂਪੁਰ, ਕੀਨੀਆ ਅਤੇ ਮੱਧ ਪੁਰਬੀ ਦੇਸ਼ਾਂ ਦੇ ਸ਼ਹਿਰਾਂ ਵਿੱਚ ਵੋਟ ਪਾਉਣਗੇ।