Site icon Sikh Siyasat News

ਬਰਤਾਨੀਆਂ ਸੰਸਦ ਨੇ ਫਲਸਤੀਨ ਨੂੰ ਵੱਖਰੇ ਮੁਲਕ ਦਾ ਦਰਜ਼ਾ ਦੇਣ ਦੇ ਹੱਕ ਵਿੱਚ ਵੋਟਾਂ ਪਾਕੇ ਮਤਾ ਕੀਤਾ ਪਾਸ

ਬਰਤਾਨੀਆਂ ਸੰਸਦ ਦੀ ਫਾਈਲ ਫੋਟੋ

ਬਰਤਾਨੀਆਂ ਸੰਸਦ ਦੀ ਫਾਈਲ ਫੋਟੋ

ਲੰਡਨ, (15 ਅਕਤੂਬਰ,2014): ਲੰਮੇ ਸਮੇਂ ਤੋਂ ਆਪਸ ਵਿੱਚ ਲਹੂ ਵੀਟਵੀਂ ਲੜਾਈ ਲੜ ਰਹੇ ਫਲਸਤੀਨ ਅਤੇ ਇਸਰਾਈਲ ਦੇ ਮਸਲੇ ਦੇ ਹੱਲ ਲਈ ਕੂਟਨੀਤਕ ਦਬਾਅ ਬਣਾਉਦਿਆਂ  ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਫਲਸਤੀਨ ਨੂੰ ਵੱਖਰੇ ਮੁਲਕ ਦਾ ਦਰਜਾ ਦੇਣ ਦੇ ਹੱਕ ’ਚ ਵੋਟਾਂ ਪਾਈਆਂ ਹਨ।

 ਇਸ ਮਤੇ ਨੂੰ ਸਰਕਾਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਹਮਾਇਤ ਹਾਸਲ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਉਪਰਾਲੇ ਨਾਲ ਇਸਰਾਇਲ ਅਤੇ ਫਲਸਤੀਨ ਵਿਚਕਾਰ ਸ਼ਾਂਤੀ ਪ੍ਰਕਿਰਿਆ ਆਰੰਭ ਹੋ ਸਕਦੀ ਹੈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਗ੍ਰਾਹਮ ਮੌਰਿਸ ਨੇ ਕਿਹਾ ਕਿ ਫਲਸਤੀਨ ਨੂੰ ਵੱਖਰਾ ਮੁਲਕ ਬਣਾਏ ਜਾਣ ਨਾਲ ਦੋਹਾਂ ਵਿਚਕਾਰ ਸ਼ਾਂਤੀ ਨੂੰ ਲੰਮੇ ਸਮੇਂ ਤਕ ਬਣਾਈ ਰੱਖਣ ਦੇ ਉਪਰਾਲੇ ਕੀਤੇ ਜਾ ਸਕਦੇ ਹਨ।

 ਹਾਊਸ ਆਫ ਕਾਮਨਜ਼ ’ਚ 274 ਸੰਸਦ ਮੈਂਬਰਾਂ ਨੇ ਮਤੇ ਦੀ ਹਮਾਇਤ ਕਰਦਿਆਂ ਬ੍ਰਿਟਿਸ਼ ਸਰਕਾਰ ਨੂੰ ਕਿਹਾ ਕਿ ਉਹ ਇਸਰਾਇਲ ਦੇ ਨਾਲ ਫਲਸਤੀਨ ਨੂੰ ਵੀ ਵੱਖਰੇ ਮੁਲਕ ਦਾ ਦਰਜਾ ਦੇਵੇ। ਇਸ ਮਤੇ ਦੇ ਵਿਰੋਧ ’ਚ 12 ਵੋਟਾਂ ਭੁਗਤੀਆਂ। ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਅਤੇ ਹੋਰ ਮੰਤਰੀ ਸਦਨ ’ਚੋਂ ਗੈਰਹਾਜ਼ਰ ਰਹੇ ਅਤੇ 650 ਮੈਂਬਰਾਂ ’ਚੋਂ ਅੱਧੇ ਤੋਂ ਵੱਧ ਸਾਂਸਦਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ।

ਕੰਜ਼ਰਵੇਟਿਵ ਮੈਂਬਰ ਅਤੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਨਜ਼ਦੀਕੀ ਰਿਸ਼ਤੇਦਾਰ ਨਿਕੋਲਸ ਸੋਮਜ਼ ਨੇ ਕਿਹਾ ਕਿ ਫਲਸਤੀਨ ਨੂੰ ਵੱਖਰੇ ਮੁਲਕ ਦਾ ਦਰਜਾ ਦੇਣਾ ਨੈਤਿਕ ਆਧਾਰ ’ਤੇ ਜਾਇਜ਼ ਅਤੇ ਕੌਮੀ ਹਿੱਤ ’ਚ ਹੈ।

ਸਰਕਾਰ ਨੇ ਕਿਹਾ ਕਿ ਵੋਟਿੰਗ ਨਾਲ ਬ੍ਰਿਟੇਨ ਦੇ ਸਰਕਾਰੀ ਕੂਟਨੀਤਕ ਨਜ਼ਰੀਏ ’ਚ ਕੋਈ ਬਦਲਾਅ ਨਹੀਂ ਆਇਆ ਹੈ। ਮਿਡਲ ਈਸਟ ਮੰਤਰੀ ਤੋਬਿਆਸ ਐਲਵੁੱਡ ਨੇ ਕਿਹਾ ਕਿ ਯੂਕੇ, ਫਲਸਤੀਨ ਨੂੰ ਵੱਖਰੇ ਮੁਲਕ ਦਾ ਦਰਜਾ ਉਸ ਸਮੇਂ ਦਏਗਾ ਜਦੋਂ ਉਹ ਸ਼ਾਂਤੀ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣਗੇ।

ਓਧਰ ਇਸਰਾਈਲ ਨੇ ਬ੍ਰਿਟਿਸ਼ ਸੰਸਦ ਵੱਲੋਂ ਫਲਸਤੀਨ ਨੂੰ ਮੁਲਕ ਦਾ ਦਰਜਾ ਦੇਣ ਲਈ ਪਾਈਆਂ ਵੋਟਾਂ ਨੂੰ ਰੱਦ ਕਰ ਦਿੱਤਾ ਹੈ। ਇਸਰਾਇਲ ਦੇ ਉਪ ਵਿਦੇਸ਼ ਮੰਤਰੀ ਤਜ਼ਾਚੀ ਹਨੇਗਬੀ ਨੇ ਕਿਹਾ ਕਿ ਬ੍ਰਿਟਿਸ਼ ਸੰਸਦ ’ਚ ਵੋਟਾਂ ਨਾਲ ਫਲਸਤੀਨੀਆਂ ਨੂੰ ਵੱਖਰਾ ਮੁਲਕ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਇਸਰਾਇਲੀ ਸਰਕਾਰ ਸੰਧੀ ਤੋਂ ਬਿਨਾਂ ਅਜਿਹਾ ਕੋਈ ਜੋਖਮ ਨਹੀਂ ਚੁੱਕੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version