ਲੰਡਨ: ਬਰਤਾਨੀਆ ਦੇ ਪਹਿਲੇ ਸਿੱਖ ਪਾਰਲੀਮੈਂਟ ਮੈਂਬਰ ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਲੋੜਵੰਦਾ, ਬੇਆਸਰਿਆਂ ਅਤੇ ਬੇਘਰਿਆਂ ਦੇ ਸਹਿਯੋਗ ਲਈ ਮਾਇਆ ਇਕੱਠੀ ਕੀਤੀ ਅਤੇ ਜਾਗਰੁਕਤਾ ਫੈਲਾਈ। ਇਸ ਕਾਰਜ ਵਿੱਚ ਢੇਸੀ ਦੇ ਨਾਲ ਉਹਨਾਂ ਦੀ ਪਤਨੀ ਮਨਵੀਨ ਕੌਰ ਢੇਸੀ ਵੀ ਹਾਜਰ ਰਹੇ । ਸ.ਢੇਸੀ ਅਤੇ ਉਹਨਾਂ ਦੀ ਪਤਨੀ ਨੇ ਪੂਰੀ ਰਾਤ ਗੱਤੇ ਦੇ ਡੱਬਿਆਂ ਵਿੱਚ ਬਿਤਾਈ ।
ਸ.ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਤਾਨੀਆ ਵਿੱਚ ਵੱਡੀ ਗਿਣਤੀ ਵਿੱਚ ਆਬਾਦੀ ਬੇਘਰੀ ਹੈ, ਬੀਤੇ ਸਮੇਂ ਵਿੱਚ ਹੋਈਆਂ ਲੋਕਾਂ ਦੀਆਂ ਮੌਤਾਂ ਨੇ ਸਾਨੂੰ ਸੋਚਣ ਅਤੇ ਕੁਝ ਕਰਨ ਲਈ ਹੋਰ ਵੀ ਮਜਬੂਰ ਕਰ ਦਿੱਤਾ ਹੈ। ੳੇਹਨਾਂ ਦੱਸਿਆ ਕਿ ‘ਦ ਲੰਡਨ ਐਂਡ ਸਲੋਹ ਰਨ ਹੋਮਲੈਸ ਚੈਰਿਟੀ” ਵਲੋਂ ਇਸ ਸਾਲ ਸਲੋਹ ਵਿੱਖੇ ਬੇਘਰੇ ਲੋਕਾਂ ਨੂੰ ਸਹਾਰਾ ਦੇਣ ਲਈ 4000 ਪੌਂਡ ਸਮਾਜ ਸੇਵਾ ਲਈ ਇਕੱਠਾ ਕਰਕੇ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ।
ੳਨ੍ਹਾ ਕਿਹਾ ਕਿ “ਠੰਡ ‘ਚ ਘਰ ਤੋਂ ਬਗੈਰ ਰਾਤ ਕੱਟਣੀ ਬਹੁਤ ਔਖੀ ਹੈ, ਬਰਫਬਾਰੀ ਅਤੇ ਮੀਂਹ ਵੇਲੇ ਤਾਂ ਇਹ ਹੋਰ ਵੀ ਔਖਾ ਹੋ ਜਾਂਦਾ ਹੈ”। ਸਲੋਹ ਤੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਨੇ ਵੱਧ ਤੋਂ ਵੱਧ ਲੋਕਾਂ ਨੂੰ ਸਹਿਯੋਗ ਲਈ ਅਪੀਲ ਕੀਤੀ। ਇਸ ਮੌਕੇ ਮੇਅਰ ਹਰਮੋਹਿੰਦਰ ਸਿੰਘ ਸੋਹਲ ਸਮੇਤ ਹੋਰ ਸਮਾਜ ਸੇਵਕ ਵੀ ਹਾਜਰ ਸਨ।