ਨਾਮਾ ਸਿੱਖ ਦਰਸ਼ਨ ਅਤੇ ਸਿੱਖ ਇਤਿਹਾਸ ਦੀ ਇਕ ਲਿਖਣ ਵੰਨਗੀ ਹੈ। ਜਿਵੇਂ ਸਾਖੀ, ਕੋਸ਼, ਪ੍ਰਕਾਸ਼, ਬੰਸਾਵਲੀਨਾਮੇ ਅਤੇ ਕਈ ਹੋਰ ਲਿਖਣ ਦੀਆਂ ਵੰਨਗੀਆਂ ਹਨ। “ਨਾਮਾ” ਸ਼ਬਦ ਦੇ ਮਹਾਨ ਕੋਸ਼ ਅਨੁਸਾਰ ਅਰਥ “ਚਿੱਠੀ” ਬਣਦੇ ਹਨ। ਕਿਤਾਬ ਕੌਰਨਾਮਾ ਉਹ ਚਿੱਠੀ ਹੈ ਜੋ ਸ਼ਹੀਦ ਸਿੰਘਣੀਆਂ ਵੱਲੋਂ ਪੰਥ ਦੇ ਨਾਮ ਆਪਣੇ ਲਹੂ ਦੇ ਨਾਲ ਲਿਖੀ ਹੈ।
ਕੌਰਨਾਮਾ ਕਿਤਾਬ ਦੇ ਸਰਵਰਕ ਉੱਪਰ ਤਿੰਨ ਬੀਬੀਆਂ ਦੀਆਂ ਤਸਵੀਰਾਂ ਹਨ, ਇੱਕ ਬੀਬੀ ਖਾੜਕੂ ਸੰਘਰਸ਼ ਦਾ ਅਹਿਮ ਗਹਿਣਾ (ਭਾਵ AK 47 ) ਲੈ ਕੇ ਖੜੀ ਹੈ ਜੋ ਖਾੜਕੂ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਈਆਂ ਸਿੰਘਣੀਆਂ ਨੂੰ ਦਰਸਾਉਂਦੀ ਹੈ, ਇੱਕ ਬੀਬੀ ਭੂਝੰਗੀ ਸਿੰਘ ਨੂੰ ਲੈ ਕੇ ਖੜੀ ਹੈ ਜੋ ਉਹਨਾਂ ਦੀ ਯਾਦ ਦਵਾ ਰਹੀ ਹੈ ਜਿਨ੍ਹਾਂ ਨੇ ਖਾੜਕੂ ਸੰਘਰਸ਼ ਦੀ ਸੇਵਾ ਵਿੱਚ ਆਪਣਾ ਪਰਿਵਾਰ ਵਾਰ ਦਿੱਤਾ ਅਤੇ ਤੀਸਰੀ ਸਿੱਖ ਬੀਬੀ ਨਿਹੱਥੀ ਖੜੀ ਹੈ ਜੋ ਇਸ ਉਹਨਾਂ ਬੀਬੀਆਂ ਦੀ ਯਾਦ ਕਰਵਾਉਂਦੀ ਹੈ ਜੋ ਇਸ ਜੰਗ ਦਾ ਹਿੱਸਾ ਨਹੀ ਸਨ ਪਰ ਫਿਰ ਵੀ ਜੰਗ ਦੀ ਲਪੇਟ ਵਿੱਚ ਆ ਗਈਆਂ।
ਸ੍ਰੀ ਦਰਬਾਰ ਸਾਹਿਬ ਦੇ ਹਮਲੇ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਖਾੜਕੂ ਸਿੰਘ/ਸਿੰਘਣੀਆਂ ਸਿੱਖ ਸੰਘਰਸ਼ ਨੂੰ ਅਗਲੇ ਪੜ੍ਹਾ ’ਤੇ ਲੈ ਕੇ ਗਏ। ਘੱਲੂਘਾਰਾ ਜੂਨ ੧੯੮੪ ਅਤੇ ਨਵੰਬਰ ੧੯੮੪ ਦੇ ਮੁੱਖ ਦੋਸ਼ੀ ਜੋ ਕਿ ਭਾਰਤੀ ਹਕੂਮਤ ਦੇ ਵੱਡੇ ਥੰਮ ਸਨ ਉਹਨਾਂ ਨੂੰ ਸਿੰਘ/ਸਿੰਘਣੀਆਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਕੇ ਸਿੱਖ ਦੇ ਗਵਾਚੇ ਹੋਏ ਮਾਣ ਨੂੰ ਇਕ ਵਾਰ ਫੇਰ ਸਿਖਰ ’ਤੇ ਲੈ ਕੇ ਗਏ।
ਅਕਸਰ ਜਦ ਖਾੜਕੂ ਸੰਘਰਸ਼ ਦੀ ਚਰਚਾ ਹੁੰਦੀ ਹੈ ਤਾਂ ਸਿੰਘਾਂ ਦਾ ਜ਼ਿਕਰ ਤੇ ਬਹੁਤ ਆਉਂਦਾ ਹੈ ਪਰ ਇਸ ਜੰਗ ਵਿੱਚ ਸਿੰਘਣੀਆਂ ਦਾ ਜ਼ਿਕਰ ਘੱਟ ਹੀ ਸੁਣਨ ਵਿੱਚ ਆਇਆ ਹੈ, ਭਾਵੇਂ ਕੇ ਪਿਛਲੇ ਸਮੇਂ ਵਿੱਚ ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਹੋਣਾਂ ਖਾੜਕੂ ਸੰਘਰਸ਼ ਦੀ ਸਾਖੀ (ਦੋਨੋਂ ਭਾਗਾਂ ਵਿੱਚ) ਜ਼ਿਕਰ ਵੀ ਕੀਤਾ ਹੈ ਪਰ ਇਸ ਲਹਿਰ ਦੇ ਪਸਾਰੇ ਨੂੰ ਦੇਖਦੇ ਹਾਂ ਤੇ ਲੱਗਦਾ ਹੈ ਇਸ ਪੱਖ ਤੋ ਅਜੇ ਵੀ ਬਹੁਤ ਕੁਝ ਲਿਖਣਾ ਬਾਕੀ ਹੈ।
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ। ਕਿਤਾਬ ਦੇ ਪਹਿਲੇ ਭਾਗ ਵਿੱਚ ਉਨ੍ਹਾਂ ਬੀਬੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਜਾਂ ਆਪਣੇ ਵੱਡਿਆ ਦੇ ਨਕਸ਼ੇ ਕਦਮਾਂ ਦੇ ਚੱਲ ਕੇ ਦਿੱਲੀ ਹਕੂਮਤ ਦੀ ਜੜ੍ਹ ਹਿਲਾ ਦਿੱਤੀ ਅਤੇ ਹਥਿਆਰਬੰਦ ਸੰਘਰਸ਼ ਲੜ ਕੇ ਮਾਈ ਭਾਗੋ ਜੀ ਦੀਆਂ ਵਾਰਸਾਂ ਹੋਣ ਦਾ ਮਾਣ ਹਾਸਲ ਕੀਤਾ। ਬਹੁਤ ਸਾਰੀਆਂ ਬੀਬੀਆਂ ਉਹ ਹਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਕਾਬਲੇ ਕੀਤੇ ਅਤੇ ਸਾਰੇ ਪਰਵਾਰ ਨੇ ਹੀ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ। ਸ਼ਹੀਦ ਬੀਬੀ ਹਰਪਾਲ ਕੌਰ ਜਦ ਆਪਣੇ ਧਰਮ ਪਤੀ ਸ਼ਹੀਦ ਭਾਈ ਲਖਵੀਰ ਸਿੰਘ ਲੱਖਾ ਨਾਲ ਮਿਲ ਕੇ ਜਾਬਰ ਹਕੂਮਤ ਦੀ ਫ਼ੌਜ ਦਾ ਮੁਕਾਬਲਾ ਕਰ ਰਹੀ ਸੀ ਤਾਂ ਉਹਨਾਂ ਦੀ ੪੮ ਘੰਟਿਆਂ ਦੀ ਬੱਚੀ ਜਿਸ ਦਾ ਅਜੇ ਨਾਮ ਵੀ ਨਹੀ ਸੀ ਰੱਖਿਆ ਉਹ ਗੋਦ ਵਿੱਚ ਸੀ ਅਤੇ ਨਾਲ ਹੀ ਸ਼ਹੀਦ ਹੋ ਗਈ। ਇਹ ਜਜ਼ਬਾ, ਇਹ ਦਲੇਰੀ ਇਹ ਸ਼ਹਾਦਤਾਂ ਕੀਤੇ ਵੀ ੧੮ਵੀਂ ਸਦੀ ਨਾਲ਼ੋਂ ਘੱਟ ਨਹੀ ਹਨ।
ਜੇ ਹਕੂਮਤ ਨੇ ਸਿੰਘਾਂ ਵਿੱਚ ਮੁਖਬਰੀ ਕਰਵਾਉਣੀ ਚਾਹੀ ਤੇ ਪੁਲੀਸ ਮੁਲਾਜ਼ਮ ਬਸੀਰ ਮੁਹੰਮਦ ਨੂੰ ਬਤੌਰ ਮੁਖ਼ਬਰ ਬੱਬਰ ਖਾਲਸਾ ਦੇ ਸਿੰਘਾਂ ਵਿੱਚ ਭੇਜਿਆ ਪਰ ਉਹ ਸਿੰਘਾਂ ਦਾ ਉੱਚਾ ਸੁੱਚਾ ਕਿਰਦਾਰ ਦੇਖ ਕੇ ਜਾਲਮ ਹਕੂਮਤ ਦੀ ਨੌਕਰੀ ਛੱਡ ਕੇ ਸਿੰਘ ਸਜ ਕੇ ਭਾਈ ਲਛਮਣ ਸਿੰਘ ਬਣ ਗਿਆ ਅਤੇ ਸਿੰਘਾਂ ਦੇ ਕਾਫ਼ਲੇ ਵਿੱਚ ਆ ਰਲਿਆ ਅਤੇ ਉਸ ਦੇ ਨਾਲ ਹੀ ਉਸ ਦੀ ਧਰਮ ਪਤਨੀ ਸਕੀਨਾ ਬੇਗਮ ਵੀ ਰਾਣੀ ਕੌਰ ਬਣ ਗਈ ਅਤੇ ਦੋਹਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਿੱਤੀਆਂ।
ਸ਼ਹੀਦ ਬੀਬੀ ਹਰਪ੍ਰੀਤ ਕੌਰ ਸੁਲਤਾਨਵਿੰਡ ਨੂੰ ਜਦ ਖਾੜਕੂ ਸਿੰਘਾਂ ਵਿੱਚ ਆਪਣੇ ਭਰਾ ਨਜ਼ਰ ਆਉਂਦੇ ਨੇ ਤਾਂ ਹਕੂਮਤ ਵੱਲੋਂ ਖਾੜਕੂ ਸੰਘਰਸ਼ ਖਿਲਾਫ ਛੇੜੀ ਸ਼ਬਦ ਜੰਗ ਵੀ ਇਸ ਕਿਤਾਬ ਰਾਹੀ ਨਕਾਰੀ ਹੁੰਦੀ ਦਿਸਦੀ ਹੈ ਭਾਵੇਂ ਇਸ ਗਵਾਹੀ ਬਦਲੇ ਬੀਬੀ ਹਰਪ੍ਰੀਤ ਕੌਰ ਨੂੰ ਆਪਣੀ ਸ਼ਹੀਦੀ ਦੇਣੀ ਪਈ ਪਰ ਉਸ ਦੀ ਸ਼ਹੀਦੀ ਖਾੜਕੂ ਸਿੰਘਾਂ ਦੇ ਕਿਰਦਾਰ ਨੂੰ ਹੋਰ ਵੀ ਰੁਸ਼ਨਾ ਦਿੰਦੀ ਹੈ।
ਸਿੱਖ ਇਤਿਹਾਸ ਵਿੱਚ ਬਹੁਤ ਵਾਰ ਸਿੱਖ ਜਰਨੈਲਾਂ ਅਤੇ ਯੋਧਿਆਂ ਦੀਆਂ ਸਿਫ਼ਤਾਂ ਸਿੱਖੀ ਦੇ ਵਿਰੋਧੀ ਜਾਂ ਗੈਰ ਸਿੱਖਾਂ ਨੇ ਵੀ ਕੀਤੀਆਂ ਹਨ। ਕਾਜ਼ੀ ਨੂਰ ਮੁਹੰਮਦ ਹੋਵੇ ਜਾਂ ਅੰਗਰੇਜ਼ ਲਿਖਾਰੀ ਹੋਣ ਜਾਂ ਏ ਆਰ ਦਰਸ਼ੀ ਵਰਗੇ ਸਿੱਖ ਵਿਰੋਧੀ ਹਕੂਮਤ ਦੇ ਤਨਖ਼ਾਹਦਾਰ ਮੁਲਾਜ਼ਮ ਹੋਣ, ਜਦ ਉਨ੍ਹਾਂ ਸਿੰਘ/ਸਿੰਘਣੀਆਂ ਦੇ ਉੱਚੇ ਸੁੱਚੇ ਕਿਰਦਾਰ ਦੇਖੇ ਤਾਂ ਉਹ ਸਿਫ਼ਤਾਂ ਕਰਨ ਤੋਂ ਰਹਿ ਨਾ ਸਕੇ ਸ਼ਹੀਦ ਬੀਬੀ ਰਣਜੀਤ ਕੌਰ ਤੂਫ਼ਾਨ ਬਾਰੇ ਥਾਣੇਦਾਰ ਦਾ ਬਾਪੂ ਸਰਦਾਰ ਮਹਿੰਦਰ ਸਿੰਘ ਨੂੰ ਕਹਿਣਾ ਕਿ “ਬਾਪੂ ਅੱਜ ਤੇਰਾ ਦੂਜਾ ਪੁੱਤ ਵੀ ਸ਼ਹੀਦ ਹੋ ਗਿਆ” “ਤੀਵੀਂ ਨ੍ਹੀ ਸੀ ਉਹੋ, ਮਾਂ ਦਾ ਜੰਮਿਆਂ ਕੋਈ ਸੂਰਮਾ ਸੀ ਸੂਰਮਾ, ਐਵੇਂ ਕੋਈ ਮਾੜੀ ਮੋਟੀ ਗੱਲ ਨਹੀ ਸੀ…” ਬੀਬੀ ਜੀ ਬਾਰੇ ਥਾਣੇਦਾਰ ਦੇ ਇਹ ਵਿਚਾਰ ਲਹਿਰ ਵਿਚ ਸੇਵਾ ਕਰ ਰਹੀਆਂ ਬੀਬੀਆਂ ਦੀ ਸੂਰਮਗਤੀ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦੇ ਹਨ।
ਕਿਤਾਬ ਦਾ ਦੂਜਾ ਭਾਗ ਉਨ੍ਹਾਂ ਬੀਬੀਆਂ ਦਾ ਇਤਿਹਾਸ ਹੈ ਜੋ ਸਿੱਧੇ ਰੂਪ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਸੰਘਰਸ਼ ਨਹੀਂ ਕਰ ਰਹੀਆਂ ਸਨ ਪਰ ਇਨ੍ਹਾਂ ਬੀਬੀਆਂ ਨੇ ਆਪਣੇ ਘਰ ਸਿੰਘਾਂ ਲਈ ਕਿਲ੍ਹੇ ਬਣਾ ਦਿੱਤੇ ਅਤੇ ਆਪ ਇਨ੍ਹਾਂ ਕਿਲ੍ਹਿਆਂ ਦੀ ਰਾਖੀ ਕੀਤੀ। ਖਾੜਕੂ ਸਿੰਘਾਂ ਦੀ ਆਪਣੇ ਭਰਾ, ਪੁੱਤ ਅਤੇ ਪਿਤਾ ਜਾਣ ਕੇ ਸੇਵਾ ਕੀਤੀ। ਗ੍ਰਿਫ਼ਤਾਰ ਹੋ ਜਾਣ ਤੇ ਪੁਲਿਸ ਵੱਲੋਂ ਬਹੁਤ ਲਾਲਚ ਦੇਣ ’ਤੇ, ਤਸ਼ਦੱਦ ਕਰਨ ’ਤੇ ਇਹ ਬੀਬੀਆਂ ਡੋਲੀਆਂ ਨਹੀ, ਬਹੁਤ ਕੁਝ ਪਤਾ ਹੋਣ ਕਰ ਕੇ ਵੀ ਚੁੱਪ ਰਹਿ ਕੇ ਆਪਾ ਵਾਰ ਦਿੱਤਾ ਪਰ ਸੀਅ ਤੱਕ ਨਾ ਕੀਤੀ। ਆਪਣੇ ਘਰ ਬਾਰ ਪੁਲਿਸ ਤੋਂ ਲੁਟਵਾ ਲਏ ਪਰ ਸਿੰਘਾਂ ਦੇ ਹਥਿਆਰਾਂ ਜਾ ਟਿਕਾਣਿਆਂ ਬਾਰੇ ਕੁਝ ਨਹੀ ਦੱਸਿਆ। ਲਹਿਰ ਦਾ ਇਹ ਹਿੱਸਾ ਲਹਿਰ ਦੀ ਅਸਲੀ ਤਾਕਤ ਬਣ ਕੇ ਸਾਹਮਣੇ ਆਇਆ, ਇਨ੍ਹਾਂ ਦੇ ਹਠ ਤੋਂ ਬਗੈਰ ਏਨਾ ਲੰਮਾ ਸਮਾਂ ਹਕੂਮਤ ਨਾਲ ਜੰਗ ਕਰਨਾ ਪੰਜਾਬ ਵਰਗੇ ਪੱਧਰੇ, ਮੈਦਾਨੀ ਇਲਾਕੇ ਵਿੱਚ ਸੰਭਵ ਨਹੀਂ ਸੀ। ਇਸ ਹਿੱਸੇ ਬਾਰੇ ਬਹੁਤ ਘਟ ਲਿਖਿਆ ਅਤੇ ਵਿਚਾਰਿਆ ਗਿਆ ਹੈ ਪਰ ਖਾੜਕੂ ਲਹਿਰ ਦਾ ਇਹ ਹਿੱਸਾ ਬਹੁਤ ਮਜ਼ਬੂਤ ਅਤੇ ਅਹਿਮ ਹੈ। ਇਸ ਹਿੱਸੇ ਨੂੰ ਲਹਿਰ ਦੀ ਸਾਹ ਰਗ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਹਿੱਸੇ ਵੱਲੋਂ ਕੀਤੀ ਖਾੜਕੂ ਸੰਘਰਸ਼ ਦੀ ਸੇਵਾ ਹੀ ਗੁਰੂ ਖਾਲਸਾ ਪੰਥ ਨਾਲ ਉਨ੍ਹਾਂ ਦੀ ਵਫ਼ਾਦਾਰੀ ਹੈ। ਬੀਬੀ ਅਜਾਇਬ ਕੌਰ ਨੂੰ ਆਪਣੇ ਖਾੜਕੂ ਪੁੱਤਰ ਨੂੰ ਬੇਦਖ਼ਲ ਕਰਨ ਦੀ ਕੋਝੀ ਸਲਾਹ ਦੇਣ ਤੇ ਪੁਲਿਸ ਵਾਲੇ ਨੂੰ ਬੀਬੀ ਜੀ ਦਾ ਗ਼ੁੱਸੇ ਭਰਿਆ ਜਵਾਬ ਸੀ ਕਿ ਸਾਰੇ ਹੀ ਖਾੜਕੂ ਮੇਰੇ ਪੁੱਤ ਨੇ, ਖਾੜਕੂ ਸਿੰਘ (ਪੁੱਤਰ ਕਰਨੈਲ ਸਿੰਘ ਕੈਲੀ) ਨੂੰ ਬੇਦਖ਼ਲ ਕਰਨਾ ਪੰਥ ਨੂੰ ਬੇਦਾਵਾ ਦੇਣ ਵਾਲੀ ਗੱਲ ਹੋਵੇਗੀ। ਬਾਕੀ ਬੀਬੀਆਂ ਵਾਂਗ ਮਾਤਾ ਅਜਾਇਬ ਕੌਰ ਜੀ ਨੇ ਸ਼ਹੀਦੀ ਦੇ ਦਿੱਤੀ ਪਰ ਸਿਦਕ ਤੋਂ ਨਹੀਂ ਡੋਲੀ।
ਸੰਘਰਸ਼ ਵਿੱਚ ਸੇਵਾ ਕਰ ਰਹੇ ਇਹਨਾਂ ਪਰਿਵਾਰਾਂ ਦੀ ਅਗਲੀ ਪੀੜ੍ਹੀ (ਨੌਜਵਾਨ ਬੱਚਿਆਂ) ਨੂੰ ਵੀ ਸਰਕਾਰਾਂ ਵਲੋਂ ਹਰ ਤਰ੍ਹਾਂ ਦਾ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਿੱਤਾ ਗਿਆ। ਬੱਚਿਆਂ ਨੂੰ ਮਾਪਿਆਂ ਤੋਂ ਦੂਰ ਕਰ ਲਾਵਾਰਿਸ ਕਰਨ ਦੀਆਂ ਵੀ ਨੀਚ ਹਰਕਤਾਂ ਕੀਤੀਆਂ ਗਈਆਂ, ਪਰ ਮਹਾਰਾਜ ਨੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਇਨ੍ਹਾਂ ਪਰਿਵਾਰਾਂ ਨੂੰ ਡੋਲਣ ਨਹੀਂ ਦਿੱਤਾ।
ਕਿਤਾਬ ਦਾ ਆਖ਼ਰੀ ਅਤੇ ਤੀਜਾ ਹਿੱਸਾ ਉਨ੍ਹਾਂ ਬੀਬੀਆਂ ਦਾ ਹੈ ਜੋ ਸਿੱਧੇ ਰੂਪ ਵਿੱਚ ਇਸ ਜੰਗ ਦਾ ਹਿੱਸਾ ਨਹੀ ਸਨ, ਪਰ ਜੰਗ ਦੀ ਲਪੇਟ ਵਿੱਚ ਆਉਣ ਕਰ ਕੇ ਸ਼ਹੀਦ ਹੋ ਗਈਆਂ ਭਾਵੇ ਕਿ ਉਨ੍ਹਾਂ ਦੀ ਪਹਿਲੀ ਵਫ਼ਾਦਾਰੀ ਗੁਰੂ ਖਾਲਸਾ ਪੰਥ ਨਾਲ ਹੀ ਸੀ ਅਤੇ ਉਨ੍ਹਾਂ ਨੂੰ ਸ਼ਹੀਦ ਵੀ ਇਸੇ ਕਰ ਕੇ ਕੀਤਾ ਗਿਆ ਪਰ ਉਨ੍ਹਾਂ ਦੇ ਪਰਿਵਾਰ ਕਦੇ ਵੀ ਖਾੜਕੂ ਸੰਘਰਸ਼ ਦੇ ਵਿਰੋਧ ਵਿੱਚ ਨਹੀ ਭੁਗਤੇ।
ਇਹ ਹਿੱਸਾ ਸਰਕਾਰੀ ਗ਼ੁੱਸੇ, ਜ਼ਬਰ ਅਤੇ ਵਹਿਸ਼ੀਪੁਣੇ ਦਾ ਸ਼ਿਕਾਰ ਹੋਈਆਂ ਬੱਚੀ ਸਰਬਜੀਤ ਕੌਰ ਅਤੇ ਬੱਚੀ ਸਲਵਿੰਦਰ ਕੌਰ ਦੀ ਕਹਾਣੀ ਸਰਕਾਰੀ ਵਹਿਸ਼ੀਪੁਣੇ ਦਾ ਨਮੂਨਾ ਹੈ।
ਅਕਸਰ ਹੀ ਜਦ ਫ਼ੌਜ ਅਤੇ ਪੁਲਿਸ ਸਿੰਘਾਂ ਦਾ ਮੁਕਾਬਲਾ ਕਰਨ ਦੇ ਅਸਮਰਥ ਹੁੰਦੀ ਤੇ ਆਮ ਜਨਤਾ ’ਤੇ ਗ਼ੁੱਸਾ ਕੱਢ ਦਿੱਤਾ ਜਾਂਦਾ ਸ਼ਹੀਦ ਬੱਚੀ ਮੰਗੋ ਨਿਹਾਲਕੇ ਇਸੇ ਕਾਰਣ ਕਰ ਕੇ ਸ਼ਹੀਦ ਕਰ ਦਿੱਤੀ ਗਈ। ਪੁਲਿਸ ਵੱਲੋਂ ਖਾੜਕੂ ਸਿੰਘਾਂ ਅਤੇ ਉਨ੍ਹਾਂ ਦੀਆਂ ਠਾਹਰਾਂ ਜਾਂ ਆਮ ਸਿੱਖ ਸੰਗਤ ਵਿੱਚ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਵੀ ਲੁਕਾਈ ਦੇ ਇਸ ਹਿੱਸੇ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਹਰ ਵਾਰ ਸਰਕਾਰ ਨਾਕਾਮ ਹੋਈ।
ਕਿਤਾਬ ਵਿੱਚ ਲਹਿਰ ਦੇ ਹਮਦਰਦੀਆਂ ਲਈ ਕਰਨ ਯੋਗ ਕਾਰਜਾਂ ਬਾਰੇ ਵੀ ਸੰਕੇਤ ਮਿਲਦੇ ਹਨ। ਜਿਵੇਂ ਇਨ੍ਹਾਂ ਪਰਿਵਾਰਾਂ ਨਾਲ ਰਾਬਤਾ ਬਣਾ ਕੇ ਰੱਖਣਾ, ਸ਼ਹੀਦ ਸਿੰਘਣੀਆਂ ਦੀਆਂ ਯਾਦਗਾਰਾਂ ਉਸਾਰਨੀਆਂ (ਜਿਵੇਂ ਬੀਬੀ ਧਰਮ ਕੌਰ ਦੇ ਅੰਤਮ ਅਰਦਾਸ ਵੇਲੇ ਹੋਏ ਐਲਾਨ ਨੂੰ ਸਿਰੇ ਚਾੜ੍ਹਨਾ, ਸ਼ਹੀਦ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ, ਐਸੀਆਂ ਹੋਰ ਸ਼ਹੀਦੀ ਬਾਰੇ ਖੋਜ ਕਰਨੀ ਅਤੇ ਕਰਵਾਉਣੀ, ਦੋਸ਼ੀ ਪੁਲਿਸ ਵਾਲੇ (ਜੋ ਅੱਜੇ ਜਿਉਂਦੇ ਹਨ) ਉਨ੍ਹਾਂ ਦਾ ਆਪਣੀ ਪਰੰਪਰਾ ਅਨੁਸਾਰ ਪਤਾ ਲੈਣਾ ਅਤੇ ਅਖੀਰ ਵਿਚ ਸੇਵਾ ਵਿੱਚ ਲੱਗੇ ਹੋਏ ਸਿੰਘਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਜਿਨ੍ਹਾਂ ਨੇ ਬੇਬਾਕ ਹੋ ਕੇ ਇਹ ਇਤਿਹਾਸ ਦੀ ਖੋਜ ਕੀਤੀ ਅਤੇ ਦਿਨਕਰ ਗੁਪਤੇ ਵਰਗੇ ਦੋਸ਼ੀ ਪੁਲਿਸ ਵਾਲਿਆਂ ਦੇ ਨਾਮ ਕਿਤਾਬ ਵਿੱਚ ਬਿਨਾਂ ਭੈ ਤੋਂ ਦਰਜ ਕਰਨੇ ਇਹ ਕਿਸੇ ਸੂਰਮੇ ਦੀ ਕਲਮ ਹੀ ਕਰ ਸਕਦੀ ਹੈ।
ਜੂਨ੧੯੮੪ ਦੇ ੪੦ ਸਾਲਾ ’ਤੇ ਲਹਿਰ ਬਾਰੇ ਨਵੀਂ ਜਾਣਕਾਰੀ ਜਾਨਣ ਲਈ ਇਹ ਕਿਤਾਬ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਹ ਕਿਤਾਬ ਨੂੰ ਪੜ੍ਹਨਾ ਸ਼ਹੀਦ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਭਾਈ ਬਲਜਿੰਦਰ ਸਿੰਘ ਕੋਟਭਾਰਾ ਨੂੰ ਇਸ ਵੱਡੇ ਕਾਰਜ ਲਈ ਬਹੁਤ ਬਹੁਤ ਮੁਬਾਰਕਾਂ, ਗੁਰੂ ਸਾਹਿਬ ਕਿਰਪਾ ਕਰਨ ਉਨ੍ਹਾਂ ਦੀ ਬਾਗ਼ੀ ਕਲਮ ਜ਼ੁਲਮ ਖਿਲਾਫ ਇਵੇਂ ਹੀ ਚੱਲਦੀ ਰਹੇ।
ਸੁਖਜੀਤ ਸਿੰਘ