ਸ਼ੁਰੁਆਤੀ ਸ਼ਬਦਾਂ ਵਿਚ ਅਮਰੀਕਾ ਵਿਚ ਸਿੱਖ ਸੰਘਰਸ਼ ਅਤੇ ਮਨੁੱਖੀ ਹੱਕਾਂ ਵਾਸਤੇ ਅਵਾਜ਼ ਬੁਲੰਦ ਕਰਨ ਵਾਲੇ ਭਾਈ ਭਜਨ ਸਿੰਘ ਭਿੰਡਰ ਨੇ ਸਰਦਾਰ ਕਰਮਜੀਤ ਸਿੰਘ ਦੀ ਜਾਣ ਪਛਾਣ ਕਰਾਈ। ਆਪਣੇ ਭਾਸ਼ਣ ਵਿਚ ਸਰਦਾਰ ਕਰਮਜੀਤ ਸਿੰਘ ਨੇ ਆਪਣੇ ਪਿਛੋਕੜ, ਵਿਦਿਅਕ ਅਤੇ ਕਿੱਤੇ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਉਨ੍ਹਾਂ ਇਹ ਵੀ ਦੱਸਿਆ ਕੇ ਸਿਰਕੱਢ ਸਿੱਖ ਇਤਿਹਾਸਕਾਰ ਸਰਦਾਰ ਗੰਡਾ ਸਿੰਘ ਤੋਂ ਉਨ੍ਹਾਂ ਸਿੱਖ ਇਤਿਹਾਸ ਲਿਖਣ ਅਤੇ ਸਾਂਭਣ ਦੀ ਜਾਚ ਸਿੱਖੀ। ਨਿਰੰਕਾਰੀ ਕਾਂਡ ਨੇ ਕਿਸ ਤਰਾਂ ਉਨ੍ਹਾਂ ਦੀ ਸੋਚ ਨੂ ਪ੍ਰਭਾਵਿਤ ਕੀਤਾ ਅਤੇ ਉਸ ਕਾਂਡ ਦੇ ਸ਼ਹੀਦ ਭਾਈ ਫੌਜਾ ਸਿੰਘ ਨਾਲ ਆਪਣੀ ਸ਼ਹਾਦਤ ਵਾਲੇ ਦਿਨ ਦੀ ਮਿਲਣੀ ਨੂੰ ਜੀਵਨ ਦੀ ਇਕ ਅਭੁੱਲ ਯਾਦ ਵਜੋਂ ਦੱਸਿਆ।
ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਆਪਣੇ ਬਿਤਾਏ ਹੋਏ ਸਮੇਂ ਅਤੇ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਗੁਣ ਸਾਂਝੇ ਕੀਤੇ। ਬੀਤੇ 35 ਸਾਲਾਂ ਵਿਚ ਉਨ੍ਹਾਂ ਵਲੋਂ ਖਾੜਕੂ ਲਹਿਰ ਦੇ ਥੰਮ ਸਮਝੇ ਜਾਂਦੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਭਾਈ ਰਸ਼ਪਾਲ ਸਿੰਘ ਛੰਦੜਾ, ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਗਜਿੰਦਰ ਸਿੰਘ, ਭਾਈ ਗੁਰਜੰਟ ਸਿੰਘ ਬੁਧਸਿੰਘਵਾਲਾ, ਭਾਈ ਦਲਜੀਤ ਸਿੰਘ ਖਾਲਸਾ (ਬਿੱਟੂ) ਅਤੇ ਹੋਰ ਬਹੁਤ ਸਾਰੇ ਯੋਧਿਆਂ ਦੀਆਂ ਯਾਦਾਂ ਸਾਂਝੀਆਂ ਕਰਕੇ ਸਰੋਤਿਆਂ ਨੂੰ ਖਾੜਕੂ ਲਹਿਰ ਬਾਰੇ ਪਾਏ ਜਾਂਦੇ ਭੁਲੇਖੇ ਦੂਰ ਕੀਤੇ।
ਇਸ ਮੌਕੇ ਸਿੱਖ ਸੰਘਰਸ਼ ਦੇ ਸੇਵਾਦਾਰ ਭਾਈ ਦਵਿੰਦਰ ਸਿੰਘ, ਡਾਕਟਰ ਗੁਰਤੇਜ ਸਿੰਘ ਚੀਮਾ ਨੇ ਵੀ ਸਰੋਤਿਆਂ ਨੂ ਸੰਬੋਧਨ ਕੀਤਾ। ਸਟਾਕਟਨ ਦੇ ਗਦਰੀ ਬਾਬਿਆਂ ਦੇ ਵਰੋਸੋਏ ਗੁਰੂਘਰ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਉੱਪਲ ਨੇ ਸਰਦਾਰ ਕਰਮਜੀਤ ਸਿੰਘ ਅਤੇ ਦੂਰ ਨੇੜੇ ਤੋਂ ਆਉਣ ਵਾਲੇ ਸਭ ਦਾ ਧੰਨਵਾਦ ਵੀ ਕੀਤਾ।
ਆਪਣੇ ਭਾਸ਼ਨ ਤੋਂ ਬਾਅਦ ਉਹਨਾ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਿਤਾਬ ਉੱਪਰ ਉਨ੍ਹਾਂ ਦੇ ਹਸਤਾਖਰ ਕਰਾਉਣ ਵਾਲਿਆਂ ਦੀ ਲੰਬੀ ਕਤਾਰ ਦੇਖ ਕੇ ਸਰੋਤਿਆਂ ਦੀ ਕਿਤਾਬ ਬਾਬਤ ਉਤਸੁਕਤਾ ਸਾਫ਼ ਨਜ਼ਰ ਆ ਰਹੀ ਸੀ।