ਪਾਣੀ ਨਾਲ ਸੰਬੰਧਿਤ ਮਸਲੇ ਬਹੁਤ ਪੁਰਾਣੇ ਹਨ। ਇਸ ਸਮੇਂ ਬੰਗਲੋਰ ਸ਼ਹਿਰ ਦੇ ਪਾਣੀ ਦੀ ਕਮੀ ਦਾ ਮਸਲਾ ਬਹੁਤ ਚਰਚਿਤ ਹੈ। 1999 ਵਿੱਚ ਕੋਚਾਬੰਬਾ ਸ਼ਹਿਰ ਨੇ ਵੀ ਪਾਣੀ ਵਾਲਾ ਦੁਖਾਂਤ ਹੰਡਾਇਆ ਹੈ। ਦੱਖਣੀ ਅਮਰੀਕਾ ਵਿੱਚ ਕੋਚਾਬੰਬਾ ਬੋਲੀਵੀਆ ਦਾ ਚੌਥਾ ਵੱਡਾ ਸ਼ਹਿਰ ਹੈ । ਬੋਲੀਵੀਆ ਉੱਤੇ ਵਿਸ਼ਵ ਬੈਂਕ ਦਾ ਬਹੁਤ ਵੱਡਾ ਕਰਜ਼ਾ ਹੋਣ ਕਰਕੇ 1999 ਵਿੱਚ ਵਿਸ਼ਵ ਬੈਂਕ ਨੇ ਉੱਥੋਂ ਦੇ ਕੁਦਰਤੀ ਸਾਧਨ ਪਾਣੀ ਦਾ ਪ੍ਰਬੰਧ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਅਤੇ ਇਹ ਪ੍ਰਬੰਧ ਅਮਰੀਕੀ ਕੰਪਨੀ ਬੈਕਟਲ ਨੇ ਐਗੁਆਲ ਡੇਲ ਤਨਾਰੀ ਨਾਲ ਮਿਲ ਕੇ ਆਪਣੇ ਹੱਥਾਂ ਵਿੱਚ ਲੈ ਲਿਆ। ਵਿਸ਼ਵ ਬੈਂਕ ਮੁਤਾਬਕ ਗਰੀਬ ਮੁਲਖਾਂ ਵਿੱਚ ਸਰਕਾਰਾਂ ਦੇ ਬੁਰੇ ਤਰੀਕੇ ਨਾਲ ਭਰਿਸ਼ਟ ਹੋਣ ਕਾਰਨ ਕੁਦਰਤੀ ਸਾਧਨਾਂ ਦੀ ਯੋਗ ਵਰਤੋ ਨਹੀਂ ਹੁੰਦੀ। ਇਸ ਵਾਸਤੇ ‘ਕਾਨੂੰਨ 2029’ ਪਾਸ ਕੀਤਾ ਗਿਆ ਜਿਸ ਮੁਤਾਬਕ ਖੇਤੀ ਲਈ ਵਰਤਿਆ ਜਾਂਦਾ ਪਾਣੀ ਇਸ ਕਾਨੂੰਨ ਦੇ ਦਾਰੇ ਵਿੱਚ ਸੀ ਇਥੋਂ ਤੱਕ ਕਿ ਲੋਕਾਂ ਦੇ ਮੀਂਹ ਦੇ ਪਾਣੀ ਉੱਤੇ ਵਰਤਣ ਦੀ ਵੀ ਪਾਬੰਦੀ ਸੀ। ਪਾਣੀ ਦਾ ਮੁੱਲ 100% ਵੱਧ ਗਿਆ ਸਿੱਟੇ ਵਜੋਂ ਲੋਕਾਂ ਨੇ ਸੰਘਰਸ਼ ਸ਼ੁਰੂ ਕੀਤਾ, ਕਈ ਗ੍ਰਿਫਤਾਰੀਆਂ ਹੋਈਆਂ, ਮੌਤਾਂ ਹੋਈਆਂ, ਸਰਕਾਰ ਵੱਲੋਂ ਫੌਜ ਦੀ ਵਰਤੋਂ ਵੀ ਕੀਤੀ ਗਈ, ਆਖਰ ਨੂੰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਪਿਆ। ਦਸੰਬਰ 1999 ਤੋਂ ਲੈ ਕੇ ਅਪ੍ਰੈਲ 2000 ਤੱਕ ਚੱਲੇ ਇਸ ਅੰਦੋਲਨ ਨੂੰ ‘ਬੋਲੀਵੀਆ ਪਾਣੀ ਜੰਗ’ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ।