ਹੁਸ਼ਿਆਰਪੁਰ: ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਗੁਰਮੁੱਖ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ਉਤੇ ਸਵਾਲ ਖੜ੍ਹੇ ਕਰਦਿਆਂ ਦਲ ਖਾਲਸਾ ਨੇ ਕਿਹਾ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਦੋ ਜਥੇਦਾਰਾਂ ਉਤੇ ਕਮੇਟੀ ਦੀ ਮਿਹਰਬਾਨੀ ਅਜੇ ਵੀ ਕਿਉਂ ਬਰਕਰਾਰ ਹੈ ਜਦਕਿ ਤਿੰਨੇ ਜਥੇਦਾਰ ਇਕੋ ਜੁਰਮ ਦੇ ਬਰਾਬਰ ਦੇ ਕਸੂਰਵਾਰ ਹਨ। ਜਥੇਬੰਦੀ ਨੇ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਿਨਾਂ ਅਗਲਾ ਕਾਰਜਕਾਰੀ ਜਥੇਦਾਰ ਗ੍ਰੰਥੀ ਸ਼੍ਰੇਣੀ ਵਿੱਚੋਂ ਨਿਯੁਕਤ ਕਰਨ ਦੇ ਫੈਸਲੇ ਨੂੰ ਦੂਜੀ ਵੱਡੀ ਗਲਤੀ ਦਸਿਆ ਹੈ।
ਦਲ ਖ਼ਾਲਸਾ ਨੇ ਦੁਹਰਾਇਆ ਕਿ ਜਦੋਂ ਤਕ ਸ਼੍ਰੋਮਣੀ ਕਮੇਟੀ ਮੌਜੂਦਾ ਸਾਰੇ ਜਥੇਦਾਰਾਂ ਨੂੰ ਬਰਖਾਸਤ ਕਰਕੇ ਜਥੇਦਾਰਾਂ ਦੀ ਨਿਯੁਕਤੀ, ਕਾਰਜਪ੍ਰਣਾਲੀ ਅਤੇ ਸੇਵਾਮੁਕਤੀ ਲਈ ਕੋਈ ਸੇਵਾ-ਨਿਯਮ ਨਹੀਂ ਬਣਾਉਂਦੀ ਉਸ ਸਮੇਂ ਤਕ ਸਿੱਖ ਧਰਮ ਦੀ ਇਸ ਸਰਬਉੱਚ ਸੰਸਥਾ ਦੀ ਪਹਿਲਾਂ ਵਾਲੀ ਸ਼ਾਨ ਤੇ ਮਰਯਾਦਾ ਬਹਾਲ ਨਹੀਂ ਹੋਵੇਗੀ ਅਤੇ ਨਾ ਹੀ ਮੋਜੂਦਾ ਪੰਥਕ ਸੰਕਟ ਖਤਮ ਹੋਵੇਗਾ।
ਮੌਜੂਦਾ ਸਮੇਂ ਚੱਲ ਰਹੇ ਜਥੇਦਾਰਾਂ ਦੇ ਦੋ-ਸਮਾਂਤਰ ਧੜਿਆਂ ਨਾਲ ਇਸ ਸੰਸਥਾ ਤੇ ਪਦਵੀ ਨੂੰ ਲੱਗ ਰਹੀ ਢਾਹ ਉੱਤੇ ਚਿੰਤਾ ਪ੍ਰਗਟ ਕਰਦਿਆਂ ਦਲ ਖਾਲਸਾ ਨੇ ਸਾਫ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਸਰਬੱਤ ਖਾਲਸਾ ਦੇ ਨਾਮ ਹੇਠ ਚੱਬਾ ਵਿਖੇ ਹੋਏ ਪੰਥਕ ਇਕੱਠ ਵਿੱਚ ਚੁਣੇ ਗਏ ‘ਜਥੇਦਾਰਾਂ’ ਵਿਚੋਂ ਕਿਸੇ ਨੂੰ ਵੀ ‘ਜਥੇਦਾਰ’ ਨਹੀਂ ਮੰਨਦੇ।
ਸਬੰਧਤ ਖ਼ਬਰ: ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਹਿਆ …
ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਭਰੇ ਮਨ ਨਾਲ ਕਿਹਾ ਕਿ ਸਾਡੇ ਲਈ ਇਹ ਅਹੁਦੇ ਖਾਲੀ ਪਏ ਹਨ ਅਤੇ ਉਸ ਸਮੇਂ ਤਕ ਖਾਲੀ ਰਹਿਣਗੇ ਜਦੋਂ ਤਕ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀਆਂ ਸਥਾਪਿਤ ਧਿਰਾਂ ਦੇ ਸਲਾਹ-ਮਸ਼ਵਰੇ ਨਾਲ ਨਿਯਮਾਂ ਅਨੁਸਾਰ ਕਾਬਲੀਅਤ ਦੇ ਅਧਾਰ ‘ਤੇ ਜਥੇਦਾਰ ਨਹੀਂ ਚੁਣਦੀ। ਉਹਨਾਂ ਕਿਹਾ ਕਿ ਸਿੱਖਾਂ ਦੀ ਬਹੁਗਿਣਤੀ ਮੌਜੂਦਾ ਸਥਿਤੀ ਵਿਚ ਨਿਰਾਸ਼ ਹੈ, ਅਤੇ ਉਲਝਣ ਵਿਚ ਫਸੀ ਮਹਿਸੂਸ ਕਰ ਰਹੀ ਹੈ।
ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਦੀ ਬਰਖਾਸਤਗੀ ਦਾ ਕਾਰਨ ਉਹਨਾਂ ਵਲੋਂ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਦਾ ਖੁਲਾਸਾ ਕਰਨਾ ਹੈ। ਉਹਨਾਂ ਕਿਹਾ ਕਿ ਜੋ ਗੁਰਮੁੱਖ ਸਿੰਘ ਨੇ ਸਮਾਂ ਲੰਘਾ ਕੇ ਅੱਜ ਕਿਹਾ ਉਹ ਚੇਤੰਨ ਸਿੱਖ ਨੂੰ ਪਹਿਲੇ ਦਿਨ ਤੋਂ ਪਤਾ ਸੀ। ਗੁਰਮੁੱਖ ਸਿੰਘ ਨੇ ਸਿਰਫ ਉਸ ਤਲਖ ਸੱਚਾਈ ਉੱਤੇ ਮੋਹਰ ਲਾਈ ਹੈ।
ਸਬੰਧਤ ਖ਼ਬਰ: ਗਿਆਨੀ ਗੁਰਮੁੱਖ ਸਿੰਘ ਦੇ ਖੁਲਾਸੇ ਤੋਂ ਬਾਅਦ ਸਿੱਖ ਪੰਥ ਬਾਦਲਾਂ ਦਾ ਬਾਈਕਾਟ ਕਰੇ:ਹਰਵਿੰਦਰ ਸਿੰਘ ਸਰਨਾ …
ਸ਼੍ਰੋਮਣੀ ਕਮੇਟੀ ਦੀ ਇਮਾਨਦਾਰੀ ਅਤੇ ਨਿਰਪੱਖਤਾ ਉੱਤੇ ਸਵਾਲ ਚੁੱਕਦਿਆਂ ਭਾਈ ਚੀਮਾ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜਦੋਂ ਸਾਰਾ ਪੰਥ ਇਹਨਾਂ ਦਾਗੀ ਅਤ ਅਯੋਗ ਜਥੇਦਾਰਾਂ ਦੀ ਬਰਖਾਸਤਗੀ ਦੀ ਮੰਗ ਕਰ ਰਿਹਾ ਸੀ, ਉਦੋਂ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਰੱਖੀ ਅਤੇ ਜਦੋਂ ਹੁਣ ਇਹਨਾਂ ਵਿਚੋਂ ਇਕ ਨੇ ਬਾਦਲਾਂ ਵਲੋਂ ਜਥੇਦਾਰਾਂ ਉਤੇ ਰਾਜਨੀਤੀ ਤੋਂ ਪ੍ਰੇਰਿਤ ਫੈਸਲੇ ਥੋਪਣ ਦਾ ਸੱਚ ਉਜਾਗਰ ਕੀਤਾ ਤਾਂ ਉਸਨੂੰ ਘਰ ਤੋਰ ਦਿੱਤਾ ਗਿਆ।
ਉਹਨਾਂ ਜ਼ੋਰ ਦੇਕੇ ਕਿਹਾ ਕਿ ਸਿਰਫ ਅਹੁਦੇ ‘ਤੇ ਬਣੇ ਰਹਿਣ ਖਾਤਿਰ ਆਪਣੇ ਰਾਜਨੀਤਕ ਆਕਾਵਾਂ ਦੇ ਹੁਕਮਾਂ ‘ਤੇ ਨੱਚਣ ਵਾਲੇ ਤਿੰਨੋ ਜਥੇਦਾਰ ਹੀ ਦੋਸ਼ੀ ਹਨ। ਇਸ ਲਈ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਦਾ ਇਨ੍ਹਾਂ ਉੱਚ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਬੰਧਤ ਖ਼ਬਰ: ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …
ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਿਧਾਂਤਕ ਤੌਰ ‘ਤੇ ਗ੍ਰੰਥੀ ਸ਼੍ਰੇਣੀ ਵਿਚੋਂ ਜਥੇਦਾਰ ਚੁਣਨ ਦੇ ਸਖਤ ਖਿਲਾਫ ਹੈ। ਸ਼੍ਰੋਮਣੀ ਕਮੇਟੀ ਵਲੋਂ ਬੀਤੇ ਸਮੇਂ ਤੋਂ ਅਪਣਾਈ ਗਈ ਇਸ ਪਿਰਤ ਨੇ ਇਸ ਸਤਿਕਾਰਿਤ ਅਹੁਦੇ ਨੂੰ ਡਾਢੀ ਢਾਹ ਲਾਈ ਹੈ ਕਿਉਂਕਿ ਇਸ ਸ਼੍ਰੇਣੀ ਵਿਚ ਅੰਦਰੂਨੀ ਤੌਰ ‘ਤੇ ਕਈ ਘਾਟਾਂ ਅਤੇ ਕਮਜ਼ੋਰੀਆਂ ਛੁਪੀਆਂ ਹੋਈਆਂ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਬੀਤੇ ਤੋਂ ਸਬਕ ਲੈਣ ਅਤੇ ਕੁਝ ਸਾਰਥਕ ਕਦਮ ਚੁੱਕਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਰਾਜਨੀਤਿਕ ਮਜਬੂਰੀਆਂ ਵੱਸ ਤਖਤਾਂ ਦੇ ਜਥੇਦਾਰਾਂ ਦੇ ਅਹੁਦੇ ਨੂੰ ਨਿਯਮਬੱਧ ਕਰਨ ਤੋਂ ਭੱਜਦੀ ਰਹੀ ਹੈ। ਉਹਨਾਂ ਕਿਹਾ ਕਿ ਗੰਦੀ ਰਾਜਨੀਤੀ ਧਰਮ ਤੇ ਧਾਰਮਿਕ ਸੰਸਥਾਵਾਂ ਉਤੇ ਭਾਰੂ ਹੋ ਚੁੱਕੀ ਹੈ ਅਤੇ ਜਦ ਤੱਕ ਸ਼੍ਰੋਮਣੀ ਕਮੇਟੀ ਆਪਣੇ ਸੋਚ-ਢੰਗ ਅਤੇ ਕੰਮ-ਢੰਗ ਵਿੱਚ ਇਨਕਲਾਬੀ ਅਤੇ ਹਾਂ-ਪੱਖੀ ਬਦਲਾਅ ਨਹੀਂ ਲਿਆਉਂਦੀ ਤੱਦ ਤੱਕ ਪੰਥ ਏਸੇ ਤਰ੍ਹਾਂ ਖੱਜਲ-ਖੁਆਰ ਹੁੰਦਾ ਰਹੇਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Blunder By SGPC: Targeting Jathedar ‘Selectively’ & Appointing Arbitrarily Next One From Granthi Class …