ਬਠਿੰਡਾ: ਬਠਿੰਡਾ ਜਿਲ੍ਹੇ ਵਿਚ ਮੌੜ ਮੰਡੀ ਵਿਖੇ ਮੰਗਲਵਾਰ ਰਾਤ 8:30 ਵਜੇ ਕਰੀਬ ਇਕ ਮਾਰੂਤੀ ਕਾਰ 800 ਨੰਬਰ ਪੀ.ਬੀ.-03.8974 ਵਿਚ ਭੇਦਭਰੀ ਹਾਲਤ ‘ਚ ਬੰਬ ਧਮਾਕਾ ਹੋਣ ਦੇ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਘਟਨਾ ਦੇ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਮੌੜ ਦਫ਼ਤਰ ਦੇ ਨੇੜੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਜੋ ਕਿ ਵਿਵਾਦਤ ਡੇਰਾ ਸਿਰਸਾ ਮੁਖੀ ਦੇ ਕੁੜਮ ਹੈ, ਦਾ ਰੋਡ ਸ਼ੋਅ ਅਜੇ ਸਮਾਪਤ ਹੀ ਹੋਇਆ ਸੀ, ਕਿ ਜੱਸੀ ਜਦੋਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮਿਲੇ ਆਪਣੇ ਸੁਰੱਖਿਆ ਬਲਾਂ ਸਮੇਤ ਜਿਉਂ ਹੀ ਰੋਡ ਸ਼ੋਅ ਤੋਂ ਬਾਹਰ ਨਿਕਲੇ ਤਾਂ ਰਸਤੇ ‘ਚ ਖੜ੍ਹੀ ਮਾਰੂਤੀ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ।
ਇਸ ਘਟਨਾ ਵਿਚ ਵਿਵਾਦਤ ਡੇਰਾ ਮੁਖੀ ਰਾਮ ਰਹੀਮ ਦਾ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਵਾਲ-ਵਾਲ ਬਚ ਗਿਆ। ਐਸ. ਐਸ. ਪੀ. ਬਠਿੰਡਾ ਸਵੱਪਨ ਸ਼ਰਮਾ ਨੇ ਰਾਤ 11 ਵਜੇ ਦੱਸਿਆ ਕਿ ਮੌੜ ਮੰਡੀ ਵਿਖੇ ਕਾਰ ‘ਚ ਹੋਏ ਬੰਬ ਧਮਾਕੇ ‘ਚ ਕਾਰ ਤੋਂ ਬਾਹਰ ਖੜੇ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 10 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਮੌੜ ਮੰਡੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਉਪਰੰਤ ਹੋਈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਲੋਕਾਂ ਨੇ ਦੱਸਿਆ ਕਿ ਕਾਰ ਵਿਚ ਲਗਾਤਾਰ ਤਿੰਨ ਜ਼ੋਰਦਾਰ ਧਮਾਕੇ ਹੋਏ ਅਤੇ ਚਾਰੇ ਪਾਸੇ ਧੂੰਆ ਫੈਲ ਗਿਆ ਅਤੇ ਚੀਕ ਚਿਹਾੜਾ ਮੱਚ ਗਿਆ। ਮਰਨ ਵਾਲਿਆਂ ਵਿਚ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੇ ਚੋਣ ਦਫ਼ਤਰ ਦਾ ਇਕ ਕਾਰਕੁੰਨ ਸ਼ਾਮਲ ਹੈ, ਜਦੋਂ ਕਿ ਮ੍ਰਿਤਕਾਂ ਵਿਚ ਦੋ ਭਿਖ਼ਾਰੀ ਦੱਸੇ ਜਾ ਰਹੇ ਹਨ, ਜੋ ਜੱਸੀ ਦੀ ਰੈਲੀ ਵਿਚ ਆਏ ਹੋਏ ਸਨ। ਘਟਨਾਂ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਮੌੜ ਦਵਿੰਦਰ ਸਿੰਘ ਗਿੱਲ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਜ਼ਖਮੀਆਂ ਵਿਚੋਂ ਦੋ ਜਸਕਰਨ ਸਿੰਘ ਅਤੇ ਅਮਰੀਕ ਸਿੰਘ ਵਸਨੀਕ ਮੌੜ ਮੰਡੀ ਨੂੰ ਬਠਿੰਡਾ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਕਾਰ ਵਿਚੋਂ ਇਕ ਪ੍ਰੈਸ਼ਰ ਕੁਕਰ ਤੇ ਟਾਰਚ ਮਿਲੀ ਹੈ। ਇੰਸਪੈਕਟਰ ਜਨਰਲ ਪੰਜਾਬ ਪੁਲਿਸ ਬਠਿੰਡਾ ਜ਼ੋਨ ਨਿਰਲਾਭ ਕਿਸ਼ੋਰ, ਡੀ.ਆਈ.ਜੀ. ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਸਵੱਪਨ ਸ਼ਰਮਾ ਤੇ ਐਸ.ਪੀ.ਡੀ. ਬਿਕਰਮ ਸਿੰਘ ਮੌਕੇ ‘ਤੇ ਪਹੁੰਚ ਗਏ ਹਨ, ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ। ਕਾਰ ਧਮਾਕੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਹਾਲੇ ਤੱਕ ਇਸ ਘਟਨ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਜੱਸੀ ਦੀ ਗੱਡੀ ਨੂੰ ਵੀ ਮਾਮੂਲੀ ਨੁਕਸਾਨ ਹੋਣ ਦੀ ਖਬਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਕਾਂਗਰਸੀ ਆਗੂ ਨੇ ਦੱਸਿਆ ਕਿ ਰੋਡ ਸ਼ੋਅ ਦੌਰਾਨ ਉਕਤ ਮਾਰੂਤੀ ਕਾਰ ਨੂੰ ਕਈ ਵਾਰ ਰਸਤੇ ਤੋਂ ਹਟਾਏ ਜਾਣ ਬਾਰੇ ਕਾਂਗਰਸੀ ਵਰਕਰਾਂ ਵੱਲੋਂ ਕਿਹਾ ਗਿਆ ਪ੍ਰੰਤੂ ਇਸ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ। ਜਾਣਕਾਰ ਸੂਤਰਾਂ ਅਨੁਸਾਰ ਇਹ ਹਮਲਾ ਰਿਮੋਟ ਕੰਟਰੋਲ ਨਾਲ ਹੋਇਆ ਲੱਗਦਾ ਹੈ। ਪੁਲਿਸ ਸੂਤਰਾਂ ਅਨੁਸਾਰ ਉਕਤ ਕਾਰ ਦਾ ਨੰਬਰ ਵੀ ਜਾਅਲੀ ਪਾਇਆ ਗਿਆ ਹੈ। ਬਠਿੰਡਾ ਦੇ ਮੈਕਸ ਹਸਪਤਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਡੇ ਕੋਲ 5 ਜ਼ਖਮੀ ਆਏ ਸਨ, ਜਿਨ੍ਹਾਂ ਵਿਚ 4 ਦੀ ਹਾਲਤ ਅਤਿ ਨਾਜ਼ੁਕ ਸੀ, ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਰਾਜਨੀਤਕ ਦਲਾਂ ਨੇ ਘਟਨਾ ਤੋਂ ਬਾਅਦ ਇਕ ਦੂਜੇ ‘ਤੇ ਇਲਜ਼ਾਮਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਧਮਾਕੇ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੌੜ ਧਮਾਕਾ “ਆਪ-ਕੱਟੜਪੰਥੀਆਂ” ਗਠਜੋੜ ਦਾ ਨਤੀਜਾ ਹੈ। ਸੁਖਬੀਰ ਨੇ ਕਿਹਾ ਕਿ “ਗਰਮ ਖਿਆਲੀ ਤੱਤ” ਆਪ ਦੀ ਹਮਾਇਤ ਦੇ ਨਾਂ ‘ਤੇ ਸੂਬੇ ‘ਚ ਘੁਸਪੈਠ ਕਰ ਚੁੱਕੇ ਹਨ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਧਮਾਕੇ ਲਈ ਜ਼ਿੰਮੇਵਾਰ ਦੱਸਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਹਾਲਾਤ ਬਹੁਤ ਧਮਾਕਾਖੇਜ਼ ਬਣ ਚੁੱਕੇ ਹਨ, ‘ਆਪ’ ਵਲੋਂ ‘ਅਪਰਾਧਕ ਅਤੇ ਗਰਮ ਖਿਆਲੀ ਤੱਤਾਂ’ ਨੂੰ ਬਾਹਰੋਂ ਲਿਆ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਘਟਨਾ ਤੋਂ ਬਾਅਦ ਜੱਸੀ ਸਮਰਥਕਾਂ ਨੇ ਮੌਕੇ ’ਤੇ ਪੁੱਜੇ ਐਸਡੀਐਮ ਲਤੀਫ਼ ਅਹਿਮਦ ਤੇ ਡੀਐਸਪੀ ਦਵਿੰਦਰ ਸਿੰਘ ਨੂੰ ਘੇਰ ਲਿਆ। ਜ਼ਖਮੀ ਹੋਏ ਵਿਅਤੀਆਂ ਵਿੱਚ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਮੌੜ ਖੁਰਦ, ਅਮਰੀਕ ਸਿੰਘ ਪੁੱਤਰ ਰਾਜਿੰਦਰ ਸਿੰਘ, ਰੌਕੀ ਕੁਮਾਰ ਪੁੱਤਰ ਪ੍ਰੇਮ ਕੁਮਾਰ, ਲਵਲੀ ਪੁੱਤਰ ਪ੍ਰੇਮ ਕੁਮਾਰ (ਤਿੰਨੋਂ ਵਾਸੀ ਮੌੜ ਮੰਡੀ), ਰਿੰਪਕ, ਜਪੀ ਸਿੰਘ ਪੁੱਤਰ ਸੁਖਦੀਪ ਸਿੰਘ, ਅੰਕੁਸ਼ ਪੁੱਤਰ ਗਿਆਨ ਚੰਦ, ਸੌਰਭ ਸਿੰਗਲਾ ਪੁੱਤਰ ਬਿੱਟੂ, ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਦੇ ਨਾਂ ਸ਼ਾਮਲ ਹਨ।