ਚੰਡੀਗੜ੍ਹ: ਪਿੰਡ ਦਾਦੂ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਪਿੰਡ ਵਿੱਚ ਦਾਖ਼ਲ ਹੋਣ ਵੇਲੇ ਸਿੱਖ ਸੰਗਤ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਅਤੇ ਗੱਡੀ ’ਤੇ ਗਲੇ-ਸੜੇ ਟਮਾਟਰ ਵੀ ਸੁੱਟੇ ਗਏ। ਵਿਰੋਧ ਕਰ ਰਹੀ ਸਿੱਖ ਸੰਗਤ ਦਾ ਕਹਿਣਾ ਸੀ ਕਿ ਇਨ੍ਹਾਂ ਜਥੇਦਾਰਾਂ ਨੂੰ ਚੱਬਾ ਵਿਖੇ ਹੋਏ ਪੰਥਕ ਇਕੱਠ ਨੇ ਰੱਦ ਕੀਤਾ ਹੈ ਅਤੇ ਇਹ ਸਰਕਾਰ ਦੇ ਬਣਾਏ ਗਏ ਜਥੇਦਾਰ ਹਨ।
ਜ਼ਿਕਰਯੋਗ ਹੈ ਕਿ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਦਾ ਮੁੱਖ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵੀ ਇਸੇ ਪਿੰਡ ਦਾਦੂ ਵਿੱਚ ਸਥਿਤ ਹੈ। ਗਿਆਨੀ ਗੁਰਬਚਨ ਸਿੰਘ ਦੀ ਆਮਦ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਫੋਰਸ ਲਾ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜੇ ਧਾਰਮਿਕ ਦੀਵਾਨ ਦੇ ਪੰਡਾਲ ਵਿੱਚ ਵੀ ਪੁਲਿਸ ਮੁਲਾਜ਼ਮ ਜੁੱਤੀਆਂ ਸਮੇਤ ਘੁੰਮਦੇ ਰਹੇ। ਜਿਉਂ ਹੀ ਗਿਆਨੀ ਗੁਰਬਚਨ ਸਿੰਘ ਨੇ ਸਟੇਜ ਉਪਰ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਪੰਡਾਲ ਵਿੱਚੋਂ ਖੜ੍ਹੇ ਹੋ ਕੇ ਕੁਝ ਸਿੱਖ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਨੀ ਸ਼ਰੂ ਕਰ ਦਿੱਤੀ ਤਾਂ ਉਨ੍ਹਾਂ ਨੂੰ ਤੁਰੰਤ ਸੇਵਾਦਾਰਾਂ ਅਤੇ ਪੁਲਿਸ ਨੇ ਦਬੋਚ ਲਿਆ। ਇਸ ਦੌਰਾਨ ਸਿੱਖ ਸੰਗਤ ਦੇ ਦੋ ਗੁਟਾਂ ਵਿੱਚ ਲੜਾਈ ਹੋ ਗਈ, ਜਿਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਔਢਾਂ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਕਾਲਾਂਵਾਲੀ, ਔਢਾਂ, ਵੱਡਾਗੁੜਾ ਅਤੇ ਪੁਲਿਸ ਲਾਈਨ ਸਿਰਸਾ, ਸੀ.ਆਈ.ਏ. ਡੱਬਵਾਲੀ ਤੋਂ ਪੁਲਿਸ ਅਤੇ ਡੀ.ਐਸ.ਪੀ. ਡੱਬਵਾਲੀ ਸਤਿਆਪਾਲ ਯਾਦਵ ਅਤੇ ਨਾਇਬ ਤਹਿਸੀਲਦਾਰ ਰਾਮ ਚੰਦ ਕਾਲਾਂਵਾਲੀ ਵੀ ਹਾਜ਼ਰ ਰਹੇ।
ਇਸ ਘਟਨਾ ਬਾਰੇ ਗੱਲ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਸੰਗਤ ਵੱਲੋਂ ਵਿਰੋਧ ਕੀਤਾ ਜਾਣਾ ਜਾਇਜ਼ ਹੈ ਕਿਉਂਕਿ ਇਨ੍ਹਾਂ ਜਥੇਦਾਰਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੀ ਸੀ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਵੱਲੋਂ ਸ਼ਾਂਤੀਪੂਰਵਕ ਆਪਣਾ ਰੋਸ ਜ਼ਾਹਰ ਕੀਤਾ ਗਿਆ ਪਰ ਜਿਨ੍ਹਾਂ ਲੋਕਾਂ ਨੇ ਰੋਸ ਪ੍ਰਗਟਾ ਰਹੇ ਸਿੱਖਾਂ ਨੂੰ ਕੁੱਟਮਾਰ ਕੀਤੀ ਹੈ, ਉਨ੍ਹਾਂ ਦੀ ਸ਼ਨਾਖ਼ਤ ਕਰਕੇ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ।