ਪ੍ਰਤੀਕਾਤਮਕ ਤਸਵੀਰ

ਖੇਤੀਬਾੜੀ

ਭਾਕਿਯੂ (ਰਜਿ:) ਵਲੋਂ ਮੁੱਖ ਮੰਤਰੀ ਕੋਲੋਂ ਵਾਅਦੇ ਮੁਤਾਬਕ ਸੰਪੂਰਨ ਕਰਜ਼ਾ ਸਾਰਿਆਂ ਦਾ ਮਾਫ ਕਰਨ ਦੀ ਮੰਗ

By ਸਿੱਖ ਸਿਆਸਤ ਬਿਊਰੋ

November 08, 2017

ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ (ਰਜਿ:) ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਅੱਜ ਮਿਤੀ 08-11-2017 ਨੂੰ ਭਾਰਤੀ ਕਿਸਾਨ ਯੂਨੀਅਨ (ਰਜਿ:) ਦੀ ਮਹੀਨਾਵਾਰ ਮੀਟਿੰਗ ਜੱਥੇਬੰਦੀ ਦੇ ਸਰਪ੍ਰਸਤ ਪੂਰਨ ਸਿੰਘ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜੱਥੇਬੰਦੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲ ਵੱਲੋ ਚਲਾਈ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ ਸ਼ਾਹਕੋਟ ਨੇ ਕਿਹਾ ਸਰਕਾਰ ਨੇ ਜੋ ਕਣਕ ਦਾ ਸਮਰਥਨ ਮੁੱਲ 1625 ਤੋ ਵਾਧਾ ਕੇ 1735 ਰੁਪਏ ਕੀਤਾ ਹੈ ਉਹ ਕਿਸਾਨਾਂ ਨਾਲ ਇੱਕ ਮਖੌਲ ਜਿਹਾ ਕੀਤਾ ਜਾਪਦਾ ਹੈ ਕਿਉਂਕਿ ਸਰਕਾਰ ਨੇ ਇਕ ਪਾਸੇ ਤਾਂ ਜੀ.ਐਸ.ਟੀ. ਲਾ ਕੇ ਖੇਤੀ ਦੀ ਲਾਗਤ ਵਿੱਚ ਵਾਧਾ ਕੀਤਾ ਪਰ ਉਸ ਹਿਸਾਬ ਨਾਲ ਸਮਰਥਨ ਮੁੱਲ ਵਿੱਚ ਵਾਧਾ ਨਹੀਂ ਕੀਤਾ ਗਿਆ। ਸਵਾਮੀਨਾਥਕ ਰਿਪੋਰਟ ਮੁਤਾਬਕ ਕਣਕ ਦਾ ਸਮਰਥਨ ਮੁੱਲ ਘੱਟੋ ਘੱਟ 2860 ਰੁਪਏ ਬਣਦਾ ਹੈ, ਅਤੇ ਜੋ ਪਰਾਲੀ ਸਾੜਨ ਤੋਂ ਰੋਕ ਲਗਾਈ ਜਾਂਦੀ ਹੈ ਉਸ ਦਾ 100 ਰੁਪਏ ਪ੍ਰਤੀ ਕੁਇੰਟਲ ਬੋਨਸ ਕਿਸਾਨਾਂ ਨੂੰ ਦਿੱਤਾ ਜਾਵੇ।

ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਦੀ ਨੋਟਬੰਦੀ ਦਾ ਅਸਰ ਅੱਜ ਤੱਕ ਕਿਸਾਨ ਭੁਗਤ ਰਹੇ ਹਨ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਨਾ ਤਾਂ ਆਲੂ, ਫੁੱਲ ਤੇ ਸਬਜ਼ੀਆਂ ਦੇ ਰੇਟ ਵਿੱਚ ਕੋਈ ਵਾਧਾ ਹੋਇਆ ਹੈ। ਸਗੋਂ ਇਹਨਾਂ ਜਿਨਸਾਂ ਦੇ ਰੇਟਾਂ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਹੈ। ਬਾਸਮਤੀ ਦੀ ਦੇਸ਼ ਅੰਦਰ ਕਮੀ ਹੋਣ ਦੇ ਬਾਵਜੂਦ ਵੀ, ਬਾਸਮਤੀ ਦਾ ਰੇਟ ਨਹੀਂ ਵੱਧ ਸਕਿਆ। ਜੱਥੇਬੰਦੀ ਇਹ ਮੰਗ ਕਰਦੀ ਹੈ ਕਿ ਬਾਸਮਤੀ ਦਾ ਸਮਰਥਨ ਮੁੱਲ 5000 ਰੁਪਏ ਕੀਤਾ ਜਾਵੇ ਅਤੇ ਇਸ ਦੀ ਖਰੀਦ ਯਕੀਨੀ ਬਣਾਈ ਜਾਵੇ।

ਗੁਰਮੀਤ ਸਿੰਘ ਗੋਲੇਵਾਲੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਦਾ 2,00,000 ਰੁਪਏ ਤੱਕ ਦਾ ਕਰਜ਼ਾ ਮਾਫ ਕੀਤਾ ਹੈ ਉਸ ਦਾ ਜੱਥੇਬੰਦੀ ਸਵਾਗਤ ਕਰਦੀ ਹੈ, ਜੱਥੇਬੰਦੀ ਇਹ ਮੰਗ ਕਰਦੀ ਹੈ ਜੋ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਇਹ ਕਰਜਾ ਸੰਪੂਰਨ ਰੂਪ ਵਿੱਚ ਸਾਰਿਆਂ ਦਾ ਮਾਫ ਕੀਤਾ ਜਾਵੇ।

ਹਰਮੀਤ ਸਿੰਘ ਕਾਦੀਆਂ ਪ੍ਰਧਾਨ ਪੰਜਾਬ ਨੇ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਕਿ ਜੋ ਝੋਨੇ ਦਾ ਬਾਰਦਾਨੇ ਦੀ ਬੋਰੀ 500 ਗ੍ਰਾਮ ਦੀ ਹੈ ਉਹਨੂੰ 700 ਗ੍ਰਾਮ ਰੱਖ ਕੇ ਤੋਲਿਆ ਜਾ ਰਿਹਾ ਹੈ ਜੋ ਕਿ ਕਿਸਾਨਾਂ ਨਾਲ ਲਗਭੱਗ ਕੁਇੰਟਲ ਪਿੱਛੇ 600 ਗ੍ਰਾਮ ਦੀ ਲੁੱਟ ਹੈ। ਜੱਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀ ਇਸ ਲੁੱਟ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ।

ਪੰਜਾਬ ਕਮੇਟੀ ਮੈਂਬਰ ਕੁਲਦੀਪ ਸਿੰਘ ਮਾਨਸਾ, ਮਾਸਟਰ ਬੂਟਾ ਸਿੰਘ ਫਾਜਿਲਕਾ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮੱਘਰ ਸਿੰਘ, ਫਾਜ਼ਿਲਕਾ ਦੇ ਪ੍ਰਧਾਨ ਬੁੱਧ ਰਾਮ ਬਿਸ਼ਨੋਈ, ਮੁਕਤਸਰ ਦੇ ਪ੍ਰਧਾਨ ਜਗਦੇਵ ਸਿੰਘ ਕਾਨਿਆਂਵਾਲੀ, ਫਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ, ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਕਪੂਰਥਲਾ ਦੇ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾ, ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਨਬੌਰਾ, ਫਿਰੋਜ਼ਪੁਰ ਦੇ ਪ੍ਰਧਾਨ ਸੁੱਖਪਾਲ ਸਿੰਘ ਬੁੱਟਰ, ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਸੱਤੀਕੇ, ਤਰਨਤਾਰਨ ਤੋ ਦਿਲਬਾਗ ਸਿੰਘ, ਲੁਧਿਆਣੇ ਤੋ ਅਮਰ ਸਿੰਘ ਰਾਏਕੋਟ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: