ਜਲੰਧਰ (24 ਨਵੰਬਰ, 2014): ਪਿੱਛਲੇ ਕਈ ਦਹਾਕਿਆਂ ਤੋਂ ਆਪਣੇ ਲਈ ਅਛੂਤ ਸਮਝਦੀ ਭਾਜਪਾ ਨੇ ਹੁਣ ਪੰਜਾਬ ਅੰਦਰ ਆਪਣੀ ਭਲ ਬਣਾਉਣ ਲਈ ਪੰਜਾਬ ਦੇ ਅਤੇ ਸਿੱਖਾਂ ਦੇ ਮੁੱਦਿਆਂ ਵਾਲ ਹਮਦਰਦੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।ਚਾਹੇ ਉਹ ਵਿਦੇਸ਼ੀ ਬੈਠੇ ਸਿੱਖਾਂ ਦੀ ਕਾਲੀ ਸੂਚੀ ਦਾਤ ਮੁੱਦਾ ਹੋਵੇ ਜਾਂ ਲੰਮੇ ਸਮੇਂ ਤੋਂ ਭਾਰਤੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦਾ।
ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਬਿਆਨ ਨੇ ਲੋਕਾਂ ਨੂੰ ਭਾਜਪਾ ਦੁਆਰਾ ਨਵੀਂ ਸਿਆਸਤ ਖੇਡਣ ਦਾ ਸੰਕੇਤ ਤਾਂ ਦਿੱਤਾ ਹੀ ਸੀ, ਪਰ ਖਾੜਕੂ ਲਹਿਰ ਵਾਲੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਪੰਜਾਬ ਭਾਜਪਾ ਵੱਲੋਂ ਵਿਚਾਰਨ ਦੀ ਗੱਲ ਨੇ ਲੋਕਾਂ ਨੂੰ ਹੈਰਾਨ ਹੀ ਕਰ ਦਿੱਤਾ ਹੈ।
ਲੰਮੇ ਸਮੇਂ ਤੋਂ ਭਾਰਤੀ ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਮਰਨ ਵਰਤ ਰੱਖਿਆ ਹੋਇਆ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਉਨ੍ਹਾਂ ਨਾਲ ਫੋਨ ਉੱਪਰ ਗੱਲ ਕਰਕੇ ਆਪਣੀਆਂ ਸ਼ੁੱਭ ਇੱਛਾਵਾਂ ਦਾ ਇਜ਼ਹਾਰ ਕੀਤਾ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਪੰਜਾਬ ‘ਚ ਸਤਾ ਹਾਸਲ ਕਰਨ ਲਈ ਕਿਥੋਂ ਤੱਕ ਜਾ ਸਕਦੀ ਹੈ ।
ਆਰ. ਐਸ. ਐਸ. ਨੇਤਾਵਾਂ ਵੱਲੋਂ ਪੰਜਾਬ ਦੀ ਖਾੜਕੂ ਲਹਿਰ ਨਾਲ ਜੁੜੇ ਰਹੇ ਅਨੇਕ ਵਿਅਕਤੀਆਂ ਨਾਲ ਸੰਪਰਕ ਬਣਾਉਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਅਕਾਲੀ ਦਲ ਨੂੰ ਸੰਨ੍ਹ ਲਗਾਉਣਾ ਭਾਵੇਂ ਮੁਸ਼ਕਲ ਹੈ ਪਰ ਅਜਿਹੇ ਅਟਕਲਪੱਚੂ ਆਮ ਲੱਗ ਰਹੇ ਹਨ ਕਿ ਭਾਜਪਾ ਵੱਲੋਂ ਬਹੁਤ ਸਾਰੇ ਅਕਾਲੀ ਤੇ ਕਾਂਗਰਸ ਨੇਤਾਵਾਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ।