ਪ੍ਰਤੀਕਾਤਮਕ ਤਸਵੀਰ

ਆਮ ਖਬਰਾਂ

ਭਾਜਪਾ ਦੇ ਬੁਲਾਰੇ ਵਲੋਂ ਹਨੀਪ੍ਰੀਤ ਨੂੰ ਪੰਜਾਬ ਵਿਚ ਪਨਾਹ ਦੇਣ ਦੇ ਦੋਸ਼ਾਂ ਦਾ ਪੰਜਾਬ ਸਰਕਾਰ ਵਲੋਂ ਖੰਡਨ

By ਸਿੱਖ ਸਿਆਸਤ ਬਿਊਰੋ

October 04, 2017

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ ‘ਚ 20 ਸਾਲਾ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਦੀ ਸੋਮਵਾਰ (3 ਅਕਤੂਬਰ) ਨੂੰ ਹੋਈ ਗ੍ਰਿਫਤਾਰੀ ਤੇ ਉਸ ਤੋਂ ਪਹਿਲਾਂ ਦੋ ਟੀ.ਵੀ. ਚੈਨਲਾਂ ਨਾਲ ਇੰਟਰਵਿਊ ਤੋਂ ਬਾਅਦ ਇਹ ਚਰਚਾ ਸ਼ੁਰੂ ਹੋਈ ਕਿ ਹਨੀਪ੍ਰੀਤ ਬੀਤੇ ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਖੇਤਰਾਂ ਵਿਚ ਘੁੰਮ ਰਹੀ ਸੀ, ਜਿਸ ਸਬੰਧੀ ਪੰਜਾਬ ਪੁਲਿਸ ਨੂੰ ਜਾਣਕਾਰੀ ਸੀ। ਦੋ ਟੀ.ਵੀ. ਚੈਨਲਾਂ ਨੂੰ ਹਨੀਪ੍ਰੀਤ ਵਲੋਂ ਦਿੱਤੀ ਗਈ ਇੰਟਰਵਿਊ ਸਬੰਧੀ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਸਭ ਕੁਝ ਮੁਹਾਲੀ ਪੁਲਿਸ ਅਤੇ 2-3 ਵਕੀਲਾਂ ਦੀ ਜਾਣਕਾਰੀ ਵਿਚ ਸੀ ਜੋ ਪੁਲਿਸ ਦੇ ਵੀ ਸੰਪਰਕ ਵਿਚ ਸਨ।

ਇਸ ਸਬੰਧੀ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਸਰਕਾਰ ਉਨ੍ਹਾਂ ਖ਼ਬਰਾਂ ਦਾ ਸਿਰੇ ਤੋਂ ਖੰਡਨ ਕਰਦੀ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਹਨੀਪ੍ਰੀਤ ਪੰਜਾਬ ਪੁਲਿਸ ਦੀ ਪਨਾਹ ਵਿਚ ਸੀ। ਰਾਜ ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਇਸ ਮਾਮਲੇ ਵਿਚ ਕੇਵਲ ਏਨੀ ਸ਼ਮੂਲੀਅਤ ਸੀ ਕਿ ਉਹ ਹਰਿਆਣਾ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੂੰ ਹਨੀਪ੍ਰੀਤ ਮਾਮਲੇ ਲਈ ਸਹਿਯੋਗ ਦੇ ਰਹੀ ਸੀ।

ਬੁਲਾਰੇ ਨੇ ਕਿਹਾ ਕਿ ਹਨੀਪ੍ਰੀਤ ਦੇ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਸੀ ਕਿਉਂਕਿ ਪੰਜਾਬ ਵਿਚ ਉਸ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੀ ਨਹੀਂ ਹੈ।ਇਸ ਸਬੰਧੀ ਜਾਣਕਾਰੀ ਗੁਆਂਢੀ ਸੂਬੇ ਨਾਲ ਵੀ ਸਾਂਝੀ ਕੀਤੀ ਜਾਂਦੀ ਰਹੀ ਹੈ ਤੇ ਰਾਜ ਸਰਕਾਰ ਕਿਸੇ ਭਗੌੜੇ ਅਪਰਾਧੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਭਾਜਪਾ ਦੇ ਇਕ ਬੁਲਾਰੇ ਵਲੋਂ ਹਨੀਪ੍ਰੀਤ ਨੂੰ ਪੰਜਾਬ ਵਿਚ ਹਿਫ਼ਾਜ਼ਤ ਦੇਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਬਿਆਨ ਵਿਚ ਕਿਹਾ ਕਿ ਹਨੀਪ੍ਰੀਤ ਵਲੋਂ ਸੋਮਵਾਰ (3 ਅਕਤੂਬਰ) ਨੂੰ ਪੰਚਕੂਲਾ ਦੀ ਅਦਾਲਤ ਵਿਚ ਆਤਮ-ਸਮਰਪਣ ਕੀਤਾ ਗਿਆ ਜਦਕਿ ਹਰਿਆਣਾ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਜ਼ੀਰਕਪੁਰ ਕੋਲੋਂ ਗ੍ਰਿਫਤਾਰ ਕੀਤਾ ਗਿਆ।

ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਹਨੀਪ੍ਰੀਤ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਅਤੇ ਉਸ ਦੀ ਗ੍ਰਿਫਤਾਰੀ ਨੂੰ ਯੋਜਨਾਬੱਧ ਡਰਾਮਾ ਕਰਾਰ ਦਿੱਤਾ ਹੈ। ਟੀ.ਵੀ. ‘ਤੇ ਇੰਟਰਵਿਊ ਵੀ ਯੋਜਨਾਬੱਧ ਤਰੀਕੇ ਨਾਲ ਕਰਵਾਈ ਗਈ ਹੈ।

ਸਬੰਧਤ ਖ਼ਬਰ: ਬਲਾਤਕਾਰ ਮਾਮਲਾ: ਡੇਰਾ ਸਮਰਥਕਾਂ ਨੂੰ ਆਪਣਾ ਰੋਸ ਸ਼ਾਂਤੀ ਨਾਲ ਪ੍ਰਗਟ ਕਰਨਾ ਚਾਹੀਦਾ ਸੀ: ਬਾਦਲ …

ਪੰਜਾਬ ਦੇ ਜ਼ੀਰਕਪੁਰ ਤੋਂ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਸੂਚਨਾ ਤੋਂ ਬਾਅਦ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਉਸ ਦੀ ਜਾਨ ਨੂੰ ਹੁਣ ਹੋਰ ਜ਼ਿਆਦਾ ਖ਼ਤਰਾ ਹੈ। ਉਹ ਪੁਲਿਸ ਵਲੋਂ ਮਿਲੀ ਸੁਰੱਖਿਆ ਨੂੰ ਲੈ ਕੇ ਸੰਤੁਸ਼ਟ ਨਹੀਂ ਹੈ। ਉਸ ਨੂੰ ਦੋ ਸੁਰੱਖਿਆ ਕਰਮੀ ਮਿਲੇ ਹੋਏ ਹਨ, ਪਰ ਇਨ੍ਹਾਂ ਹਾਲਤਾਂ ਨੂੰ ਵੇਖਦੇ ਹੋਏ ਸੁਰੱਖਿਆ ਕਰਮੀ ਘੱਟ ਹਨ। ਉਸ ਨੇ ਐੱਸ.ਪੀ. ਜੇ.ਐੱਸ. ਰੰਧਾਵਾ ਨੂੰ ਵੀ ਈਮੇਲ ਅਤੇ ਡਾਕ ਦੇ ਜ਼ਰੀਏ ਪੱਤਰ ਭੇਜ ਕੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਵਿਸ਼ਵਾਸ ਗੁਪਤਾ ਨੇ ਕਿਹਾ ਕਿ ਅੱਜ ਦੀ ਤਰੀਕ ‘ਚ ਰਾਮ ਰਹੀਮ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਅਤੇ ਉਸ ਦਾ ਪਰਿਵਾਰ ਹੈ। ਹਨੀਪ੍ਰੀਤ ਵਲੋਂ ਵਿਸ਼ਵਾਸ ਗੁਪਤਾ ਨੂੰ ਲੈ ਕੇ ਕੋਈ ਵੀ ਟਿੱਪਣੀ ਨਾ ਕਰਨ ‘ਤੇ ਉਨ੍ਹਾਂ ਕਿਹਾ ਕਿ ਚੋਰ ਕਦੀ ਸਚਾਈ ਦਾ ਸਾਹਮਣਾ ਨਹੀਂ ਕਰ ਸਕਦਾ।

ਸਬੰਧਤ ਖ਼ਬਰ: ਰਾਮ ਰਹੀਮ ਦੇ ਨੇੜਲੇ ਸਾਥੀ ਰਾਕੇਸ਼ ਕੁਮਾਰ ਨੇ ਪੰਜਾਬ ’ਚ ਅੱਗਾਂ ਲਾਉਣ ਲਈ ਬਣਾਈ ਸੀ ਅੱਠ ਮੈਂਬਰੀ ਕਮੇਟੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: